ਕੋਰੋਨਾ ਸੰਕਟ ਦਾ ਸਾਹਮਣਾ ਕਰ ਰਹੇ ਪੰਜਾਬ ਵਿੱਚ ਇਸ ਸਮੇਂ ਇੱਕ ਹੋਰ ਸੰਕਟ ਚੱਲ ਰਿਹਾ ਹੈ। ਦਰਅਸਲ ਪੰਜਾਬ ਵਿੱਚ ਮੌਜੂਦਾ ਸਮੇ ‘ਚ ਇੱਕ ਰਾਜਨੀਤਿਕ ਸੰਕਟ ਵੀ ਚੱਲ ਰਿਹਾ ਹੈ।
ਇਹ ਰਾਜਨੀਤਿਕ ਸੰਕਟ ਸੱਤਾਧਾਰੀ ਕਾਂਗਰਸ ਪਾਰਟੀ ‘ਚ ਚੱਲ ਰਿਹਾ ਹੈ। ਸੂਬੇ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਵੀ ਹੋਣ ਵਾਲੀਆਂ ਹਨ, ਪਰ ਉਸ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਵਿੱਚ ਫੁੱਟ ਪੈਣ ਦੀ ਸਥਿਤੀ ਬਣੀ ਹੋਈ ਹੈ। ਅਜਿਹੀ ਸਥਿਤੀ ਵਿੱਚ, ਕੇਂਦਰੀ ਹਾਈ ਕਮਾਂਡ ਨੇ ਹੁਣ ਸਥਿਤੀ ਨੂੰ ਸੰਭਾਲਣ ਲਈ ਦਖਲ ਦਿੱਤਾ ਹੈ। 31 ਮਈ ਨੂੰ ਕਾਂਗਰਸ ਹਾਈ ਕਮਾਂਡ ਵੱਲੋਂ ਪਾਰਟੀ ਦੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਲੀ ਬੁਲਾਇਆ ਗਿਆ ਸੀ। ਜਿੱਥੇ ਸਾਰੇ ਵਿਧਾਇਕ, ਮੰਤਰੀ ਤਿੰਨ ਮੈਂਬਰਾਂ ਦੇ ਇੱਕ ਪੈਨਲ ਨੂੰ ਮਿਲ ਰਹੇ ਹਨ ਅਤੇ ਉਹ ਆਪਣੀਆਂ ਸਮੱਸਿਆਵਾਂ ਪੈਨਲ ਸਾਹਮਣੇ ਰੱਖ ਰਹੇ ਹਨ ।
ਇਸ ਦੌਰਾਨ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੀ ਸੂਬਾ ਇਕਾਈ ਵਿੱਚ ਵਿਵਾਦ ਖਤਮ ਕਰਨ ਦੇ ਉਦੇਸ਼ ਨਾਲ ਬਣਾਈ ਗਈ ਕਮੇਟੀ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨਗੇ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਦੀ ਅਗਵਾਈ ਵਾਲੀ ਕਮੇਟੀ ਨੇ ਪਿਛਲੇ ਚਾਰ ਦਿਨਾਂ ਵਿੱਚ ਪੰਜਾਬ ਦੇ 100 ਤੋਂ ਵੱਧ ਨੇਤਾਵਾਂ ਦੀ ਰਾਏ ਲਈ ਹੈ। ਉਨ੍ਹਾਂ ਵਿੱਚੋਂ ਬਹੁਤੇ ਵਿਧਾਇਕ ਹਨ। ਪਰ ਵੀਰਵਾਰ ਨੂੰ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਦਿੱਲੀ ਰਵਾਨਾ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ, ਕੈਪਟਨ ਨੇ ‘ਆਪ’ ਦੇ ਤਿੰਨ ਬਾਗ਼ੀ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ, ਪਿਰਮਲ ਸਿੰਘ ਅਤੇ ਜਗਦੇਵ ਸਿੰਘ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਵਾਕੇ ਆਪਣੇ ਇਰਾਦਿਆਂ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ।
ਹੁਣ ਨਜ਼ਰ ਬਾਕੀ ਵਿਰੋਧੀਆਂ ਵੱਲ ਹੈ, ‘ਆਪ’ ਦੇ ਬਾਗ਼ੀਆਂ ਨੂੰ ਕਾਂਗਰਸ ਵਿਚ ਸ਼ਾਮਿਲ ਕਰਵਾ ਕੇ, ਕੈਪਟਨ ਨੇ ਰਾਜਨੀਤਿਕ ਸ਼ਤਰੰਜ ਵਿੱਚ ਟਰੰਪ ਕਾਰਡ ਖੇਡਿਆ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੈ ਕਿ ਖਹਿਰਾ ਅਤੇ ਉਸਦੇ ਸਾਥੀਆਂ ਦੀ ਸ਼ਮੂਲੀਅਤ ਨਾਲ ਕਾਂਗਰਸ ਪਾਰਟੀ ਮਜ਼ਬੂਤ ਹੋਈ ਹੈ। ਇਥੇ ਅੱਜ ਕਾਂਗਰਸ ਕਮੇਟੀ ਅਤੇ ਮੁੱਖ ਮੰਤਰੀ ਦਰਮਿਆਨ ਹੋਈ ਮੁਲਾਕਾਤ ਤੋਂ ਪਹਿਲਾਂ ਕੈਪਟਨ ਦਾ ਸਖਤ ਵਿਰੋਧ ਕਰ ਰਹੇ ਨਵਜੋਤ ਸਿੰਘ ਸਿੱਧੂ ਦੇ ਸੁਰ ਵੀ ਕਮਜ਼ੋਰ ਨਹੀਂ ਹੋਏ ਹਨ। ਹੁਣ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ‘ਤੇ ਹਮਲਾ ਬੋਲਿਆ ਹੈ।
ਇਹ ਵੀ ਪੜ੍ਹੋ : ਫੀਮੇਲ ਪਾਵਰ ਲਿਫਟਿੰਗ ਖਿਡਾਰੀ ਨੇ ਟ੍ਰੈਫਿਕ ਪੁਲਿਸ ਦੇ ASI ‘ਤੇ ਲਗਾਏ ਬਲਾਤਕਾਰ ਦੇ ਦੋਸ਼, ਵੀਡੀਓ ਬਣਾ ਕੇ ਕਰਦਾ ਸੀ ਬਲੈਕਮੇਲ
ਮਹੱਤਵਪੂਰਣ ਗੱਲ ਇਹ ਹੈ ਕਿ ਪਿਛਲੇ ਕੁੱਝ ਹਫਤਿਆਂ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਤਿੱਖੀ ਬਿਆਨਬਾਜ਼ੀ ਹੋਈ ਹੈ। ਵਿਧਾਇਕ ਪਰਗਟ ਸਿੰਘ ਅਤੇ ਸੂਬਾ ਕਾਂਗਰਸ ਕਮੇਟੀ ਦੇ ਕੁੱਝ ਹੋਰ ਨੇਤਾਵਾਂ ਨੇ ਵੀ ਮੁੱਖ ਮੰਤਰੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਸਿੱਧੂ ਮੰਗਲਵਾਰ ਨੂੰ ਇਸ ਕਮੇਟੀ ਨੂੰ ਮਿਲੇ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। ਕਮੇਟੀ ਨੂੰ ਮਿਲਣ ਤੋਂ ਬਾਅਦ, ਸਿੱਧੂ ਨੇ ਕਿਹਾ ਸੀ ਕਿ “ਸੱਚ ਨੂੰ ਪ੍ਰੇਸ਼ਾਨ ਕੀਤਾ ਜਾ ਸਕਦਾ ਹੈ, ਪਰ ਹਰਾਇਆ ਨਹੀਂ ਜਾ ਸਕਦਾ।” ਪਰ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਵਿੱਚ ਕੈਪਟਨ ਬਣੇ ਰਹਿਣ ਦੀ ਸੰਭਾਵਨਾ ਵੀ ਵੱਧ ਗਈ ਹੈ। ਦਰਅਸਲ, ਪਾਰਟੀ ਦੇ ਅੱਧੇ ਤੋਂ ਵੱਧ ਵਿਧਾਇਕਾਂ ਨੇ ਕਮੇਟੀ ਦੇ ਸਾਹਮਣੇ ਮੁੱਖ ਮੰਤਰੀ ਦੇ ਕੰਮਕਾਜ ਅਤੇ ਬਾਕੀ ਮੁੱਦਿਆਂ ਬਾਰੇ ਸਖ਼ਤ ਨਾਰਾਜ਼ਗੀ ਦਿਖਾਈ ਹੈ, ਪਰ ਜ਼ਿਆਦਾਤਰ ਚੋਣਾਂ ਤੋਂ ਪਹਿਲਾਂ ਇਸ ਸਮੇ ਕੈਪਟਨ ਨੂੰ ਹਟਾਉਣ ਦੇ ਪੱਖ ਵਿੱਚ ਦਿਖਾਈ ਨਹੀਂ ਦਿੱਤੇ।
ਇਹ ਵੀ ਦੇਖੋ : “ਜੇ ਬੱਚੇ ਨੂੰ ਕੁੱਝ ਖ਼ਰੀਦ ਕੇ ਨਾ ਦੇ ਸਕੀਏ ਤਾਂ ਜਿਊਣ ਦਾ ਕੀ ਫ਼ੈਦਾ” ਇਹ ਸੋਚ ਜਿੰਮ ਟ੍ਰੇਨਰ ਕਰਨ ਲੱਗਾ ਸੀ ਖ਼ੁਦਕੁਸ਼ੀ