ਪੰਜਾਬ ਕਾਂਗਰਸ ਵਿੱਚ ਚੱਲ ਰਹੇ ਰਾਜਨੀਤਿਕ ਡਰਾਮੇ ਸਬੰਧੀ ਅੱਜ ਵੱਡਾ ਦਿਨ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਹਾਈ ਕਮਾਂਡ ਵੱਲੋ ਬਣਾਏ ਪੈਨਲ ਨੂੰ ਮਿਲਣ ਲਈ ਦਿੱਲੀ ਪਹੁੰਚ ਗਏ ਹਨ।
ਇਸ ਤੋਂ ਪਹਿਲਾਂ ਸੂਬਾ ਪ੍ਰਧਾਨ ਅਤੇ ਨਵਜੋਤ ਸਿੰਘ ਸਿੱਧੂ ਸਮੇਤ ਕਰੀਬ ਦੋ ਦਰਜਨ ਵਿਧਾਇਕ ਪੈਨਲ ਨੂੰ ਮਿਲ ਚੁੱਕੇ ਹਨ। ਬਾਗ਼ੀਆਂ ਨੇ ਆਪਣੀ ਸਰਕਾਰ ’ਤੇ ਲੋਕਾਂ ਨਾਲ ਵਾਅਦਾ ਖ਼ਿਲਾਫ਼ੀ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਾਈ ਕਮਾਨ ਨੇ ਕਾਂਗਰਸ ਪਾਰਟੀ ਵਿੱਚ ਇਸ ਫੁੱਟ ਦੇ ਮਸਲੇ ਨੂੰ ਸੁਲਝਾਉਣ ਬਾਰੇ ਤਿੰਨ ਨੇਤਾਵਾਂ ਦਾ ਇੱਕ ਪੈਨਲ ਬਣਾਇਆ ਹੈ, ਜੋ ਸੋਮਵਾਰ ਤੋਂ ਬਾਗੀ ਨੇਤਾਵਾਂ ਨਾਲ ਗੱਲਬਾਤ ਕਰ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਆਉਣ ਤੋਂ ਪਹਿਲਾਂ ਕੱਲ੍ਹ ਆਮ ਆਦਮੀ ਪਾਰਟੀ (ਆਪ) ਦੇ ਤਿੰਨ ਵਿਧਾਇਕ ਵੀ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ।
ਕਾਂਗਰਸ ਦੇ ਕਈ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਪਾਰਟੀ ਹਾਈ ਕਮਾਨ ਨੇ ਇਸ ਸਾਰੇ ਮਸਲੇ ਦੇ ਹੱਲ ਲਈ ਹੀ ਇਹ ਪੈਨਲ ਬਣਾਇਆ ਹੈ। ਬਾਗੀ ਵਿਧਾਇਕ ਕੱਲ ਇਸ ਪੈਨਲ ਦੇ ਸਾਹਮਣੇ ਪੇਸ਼ ਹੋਏ ਸਨ ਅਤੇ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਦਿੱਤਾ ਸੀ। ਅਮਰਿੰਦਰ ਸਿੰਘ ‘ਤੇ ਵਾਅਦਾ ਖ਼ਿਲਾਫ਼ੀ ਦਾ ਵੀ ਦੋਸ਼ ਲਾਇਆ ਹੈ। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲੀਕਾਰਜੁਨ ਖੜਗੇ ਦੀ ਅਗਵਾਈ ਵਾਲੀ ਕਮੇਟੀ ਨੇ ਪਿਛਲੇ ਚਾਰ ਦਿਨਾਂ ਵਿੱਚ ਪੰਜਾਬ ਦੇ 100 ਤੋਂ ਵੱਧ ਨੇਤਾਵਾਂ ਦੀ ਰਾਏ ਲਈ ਹੈ। ਉਨ੍ਹਾਂ ਵਿੱਚੋਂ ਬਹੁਤੇ ਵਿਧਾਇਕ ਹਨ। ਪਰ ਵੀਰਵਾਰ ਨੂੰ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਦਿੱਲੀ ਰਵਾਨਾ ਹੋਣ ਤੋਂ ਥੋੜ੍ਹੀ ਦੇਰ ਪਹਿਲਾਂ, ਕੈਪਟਨ ਨੇ ‘ਆਪ’ ਦੇ ਤਿੰਨ ਬਾਗ਼ੀ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ, ਪਿਰਮਲ ਸਿੰਘ ਅਤੇ ਜਗਦੇਵ ਸਿੰਘ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਵਾਕੇ ਆਪਣੇ ਇਰਾਦਿਆਂ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਵੈਕਸੀਨ ਨਾ ਲਗਵਾਉਣ ਵਾਲੇ ਕਰਮਚਾਰੀਆਂ ਨੂੰ ਨਹੀਂ ਦਿੱਤੀ ਜਾਵੇਗੀ ਜੁਲਾਈ ਮਹੀਨੇ ਦੀ ਤਨਖ਼ਾਹ: ਮੁੱਖ ਮੰਤਰੀ
ਹੁਣ ਨਜ਼ਰ ਬਾਕੀ ਵਿਰੋਧੀਆਂ ਵੱਲ ਹੈ, ‘ਆਪ’ ਦੇ ਬਾਗ਼ੀਆਂ ਨੂੰ ਕਾਂਗਰਸ ਵਿਚ ਸ਼ਾਮਿਲ ਕਰਵਾ ਕੇ, ਕੈਪਟਨ ਨੇ ਰਾਜਨੀਤਿਕ ਸ਼ਤਰੰਜ ਵਿੱਚ ਟਰੰਪ ਕਾਰਡ ਖੇਡਿਆ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੈ ਕਿ ਖਹਿਰਾ ਅਤੇ ਉਸਦੇ ਸਾਥੀਆਂ ਦੀ ਸ਼ਮੂਲੀਅਤ ਨਾਲ ਕਾਂਗਰਸ ਪਾਰਟੀ ਮਜ਼ਬੂਤ ਹੋਈ ਹੈ। ਇਥੇ ਅੱਜ ਕਾਂਗਰਸ ਕਮੇਟੀ ਅਤੇ ਮੁੱਖ ਮੰਤਰੀ ਦਰਮਿਆਨ ਹੋਈ ਮੁਲਾਕਾਤ ਤੋਂ ਪਹਿਲਾਂ ਕੈਪਟਨ ਦਾ ਸਖਤ ਵਿਰੋਧ ਕਰ ਰਹੇ ਨਵਜੋਤ ਸਿੰਘ ਸਿੱਧੂ ਦੇ ਸੁਰ ਵੀ ਕਮਜ਼ੋਰ ਨਹੀਂ ਹੋਏ ਹਨ। ਹੁਣ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਦੀ ਪਤਨੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ‘ਤੇ ਹਮਲਾ ਬੋਲਿਆ ਹੈ।
ਇਹ ਵੀ ਦੇਖੋ : ਵਰ੍ਹਦੀਆਂ ਗੋਲੀਆਂ ‘ਚ ਵੀ ਨਹੀਂ ਰੁਕਿਆ ਸੀ ਕੀਰਤਨ, ਸੰਤ ਭਿੰਡਰਾਂਵਾਲੇ ਨਾਲ ਮੌਜੂਦ ਸਿੰਘ ਤੋਂ ਸੁਣੋ ਅੱਖੀਂ ਡਿੱਠਾ ਹਾਲ