ED cracks down : ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਖਮਿਆਜ਼ਾ ਪੰਜਾਬ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਭੁਗਤਣਾ ਪੈ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਖਿਲਾਫ 4 ਸਾਲ ਬਾਅਦ ਦੁਬਾਰਾ ਫਾਈਲ ਖੋਲ੍ਹਣ ਤੋਂ ਬਾਅਦ ਈ. ਡੀ.(ਇਨਫੋਰਸਮੈਂਟ ਡਾਇਰੈਕਟੋਰੇਟ) ਦੀ ਇੱਕ ਟੀਮ ਨੇ ਪੰਜਾਬ ਦੇ 26 ਕਾਂਗਰਸੀ ਵਿਧਾਇਕਾਂ ਨੂੰ ਰਡਾਰ ‘ਤੇ ਲਿਆ ਹੈ। ਜਾਣਕਾਰੀ ਮੁਤਾਬਕ ਇਨ੍ਹਾਂ ਵਿਧਾਇਕਾਂ ਨੂੰ ਈ. ਡੀ. ਜਲਦੀ ਹੀ ਨਾਜਾਇਜ਼ ਖਨਨ ਦੇ ਮਾਮਲੇ ‘ਚ ਨੋਟਿਸ ਜਾਰੀਕਰਕੇ ਜਾਂਚ ‘ਚ ਸ਼ਾਮਲ ਕਰੇਗਾ। ED ਦੀ ਕਾਰਵਾਈ ਨੂੰ ਲੈ ਕੇ ਸੀ. ਐੱਮ. ਹਾਊਸ ਤੋਂ ਲੈ ਕੇ ਵਿਧਾਇਕਾਂ ਤੱਕ ਹਲਚਲ ਮਚੀ ਹੋਈ ਹੈ। ਈ. ਡੀ. ਨੂੰ ਦਿੱਲੀ ਤੋਂ ਹਰੀ ਝੰਡੀ ਮਿਲ ਗਈ ਹੈ। ਦਿੱਲੀ ਤੋਂ ਕੁਝ ਸੀਨੀਅਰ ਅਧਿਕਾਰੀ ਵੀ ਜਲੰਧਰ ਆ ਕੇ ਈ. ਡੀ. ਦੇ ਦਫਤਰ ‘ਚ ਬੈਠ ਕੇ ਫਾਈਲਾਂ ਫਰੋਲ ਰਹੇ ਹਨ। ਈ. ਡੀ. ਜਾਂਚ ਦਾ ਦਾਇਰਾ ਵੱਧ ਰਿਹਾ ਹੈ। ਇਸ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ‘ਚ ਹਲਚਲ ਵੱਧ ਗਈ ਹੈ।
ਕੈਪਟਨ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਨਾਜਾਇਜ਼ ਖਨਨ ਕਰਨ ਵਾਲਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਾਉਣਗੇ ਤੇ ਪੰਜਾਬ ‘ਚ ਖਨਨ ਘਪਲੇ ਨਾਲ ਹੋਏ ਸਰਕਾਰੀ ਖਜ਼ਾਨੇ ਨੂੰ ਵਸੂਲਿਆ ਜਾਵੇਗਾ। ਕਾਂਗਰਸ ਦੀ ਸੱਤਾ ਆਉਂਦੇ ਹੀ ਨਾਜਾਇਜ਼ ਖਨਨ ਦੇ ਦੋਸ਼ ਕੈਪਟਨ ਸਰਕਾਰ ‘ਤੇ ਵੀ ਲੱਗੇ। ਇਸ ਮੁੱਦੇ ਕਾਰਨ ਪੰਜਾਬ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਕੁਰਸੀ ਵੀ ਚਲੀ ਗਈ। ਇੰਨਾ ਹੀ ਨਹੀਂ ਖਨਨ ਦੇ ਦੋਸ਼ ‘ਚ ਜਲੰਧਰ ਦੇ ਸ਼ਾਹਕੋਟ ‘ਚ ਵਿਧਾਇਕ ਲਾਡੀ ਸ਼ੇਰੋਵਾਲੀਆ ‘ਤੇ ਮਾਮਲਾ ਵੀ ਦਰਜ ਹੋਇਆ ਤੇ ਸਟਿੰਗ ਆਪ੍ਰੇਸ਼ਨ ਦੀ ਵੀਡੀਓ ਵੀ ਵਾਇਰਲ ਹੋਈ। ਇਸ ਤੋਂ ਇਲਾਵਾ ਖਨਨ ਦੇ ਦੋਸ਼ ਕਈ ਵਿਧਾਇਕਾਂ ‘ਤੇ ਵੀ ਲੱਗੇ।
ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੂੰ ਸਵਾ ਸਾਲ ਦਾ ਸਮਾਂ ਬਚਿਆ ਹੈ ਤੇ ਪੰਜਾਬ ‘ਚ ਰਾਜਨੀਤੀ ਗਰਮਾ ਗਈ ਹੈ। ਭਾਜਪਾ ਹੁਣ 117 ਸੀਟਾਂ ‘ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ ਤੇ ਖੁਦ ਨੂੰ ਕਾਂਗਰਸ ਦੇ ਮੁਕਾਬਲੇ ਲਿਆਉਣ ਲਈ ਕਾਂਗਰਸ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ। ਜਿਥੇ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਈ. ਡੀ. ਨੇ 2016 ਤੋਂ ਬਾਅਦ ਦੁਬਾਰਾ ਨੋਟਿਸ ਜਾਰੀ ਕਰਕੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਉਥੇ 26 ਵਿਧਾਇਕਾਂ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਈ. ਡੀ. ਇਨ੍ਹਾਂ ਵਿਧਾਇਕਾਂ ਨੂੰ ਜਲਦ ਹੀ ਤਲਬ ਕਰਨ ਜਾ ਰਿਹਾ ਹੈ। ਇਨ੍ਹਾਂ ਦੀ ਬੈਂਕ ਡਿਟੇਲ ਤੋਂ ਇਲਾਵਾ ਜਾਇਦਾਦ ਦਾ ਬਿਓਰਾ ਵੀ ਇਕੱਠਾ ਕੀਤਾ ਜਾ ਰਿਹਾ ਹੈ।