Harish Rawat Meets : ਅੰਮ੍ਰਿਤਸਰ : ਕਾਂਗਰਸ ਦੇ ਪੰਜਾਬ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਇਨ੍ਹੀਂ ਦਿਨੀਂ ਅੰਮ੍ਰਿਤਸਰ ਦੌਰੇ ‘ਤੇ ਹਨ। ਉਥੇ ਜਦੋਂ ਹਰੀਸ਼ ਰਾਵਤ ਦੀਆਂ ਗੱਡੀਆਂ ਦਾ ਕਾਫਲਾ ਜਦੋਂ ਗੁਰੂ ਨਾਨਕ ਵਾੜਾ ਦੀਆਂ ਤੰਗ ਗਲੀਆਂ ‘ਚ ਪੁੱਜਾ ਤਾਂ ਮੁਹੱਲੇ ਵਾਲੇ ਵੀ ਹੈਰਾਨ ਰਹਿ ਗਏ। ਹਰੀਸ਼ ਵਾਰਤ ਉਥੇ ਕਾਂਗਰਸ ਸੇਵਾਦਲ ਦੀ ਮਹਿਲਾ ਆਰਗੇਨਾਈਜ਼ਰ 70 ਸਾਲਾ ਲੀਲਾ ਵਰਮਾ ਨੂੰ ਮਿਲਣ ਪੁੱਜੇ ਸਨ। ਇਹ ਦੇਖ ਕੇ ਲੀਲਾ ਵਰਮਾ ਭਾਵੁਕ ਹੋ ਗਈ। ਉਹ ਖੁਦ ਉਨ੍ਹਾਂ ਦਾ ਸਵਾਗਤ ਕਰਨ ਕਾਂਗਰਸ ਪਾਰਟੀ ਦਾ ਪਟਕਾ ਲੈ ਕੇ ਪੁੱਜੀ। ਰਾਵਤ ਨੇ ਲੋਕਾਂ ਨੂੰ ਦੱਸਿਆ ਕਿ ਇਹ ਮੇਰੀ ਭੈਣ ਹੈ ਤੇ ਅਸੀਂ ਇਕੱਠੇ ਕਾਂਗਰਸ ਦੇ ਸਿਪਾਹੀ ਰਹੇ ਹਾਂ। ਲੀਲਾ ਤੋਂ ਰਾਵਤ ਨੇ ਰੱਖੜੀ ਬੰਨ੍ਹਵਾਈ ਤੇ ਦੱਸਿਆ ਕਿ ਜਦੋਂ ਉਹ ਕਾਂਗਰਸ ਸੇਵਾਦਾਰ ਦੇ ਚੀਫ ਸਨ, ਉਦੋਂ ਤੋਂ ਹੀ ਉਹ ਉਨ੍ਹਾਂ ਦੇ ਜਾਣਕਾਰ ਹਨ।
ਲੀਲਾ ਵਰਮਾ ਨੇ ਉਨ੍ਹਾਂ ਨੂੰ 1959 ਤੋਂ ਲੈ ਕੇ ਹੁਣ ਤੱਕ ਦੇ ਕਾਂਗਰਸ ਦੇ ਅੰਦੋਲਨਾਂ ‘ਚ ਹਿੱਸਾ ਲੈਣ ਦੀਆਂ ਫੋਟੋਆਂ ਵਾਲਾ ਰਜਿਸਟਰ ਦਿਖਾਇਆ। ਰਾਵਤ ਨੇ ਉਸ ਦੀ ਫੋਟੋਕਾਪੀ ਕਰਵਾ ਕੇ ਦੇਣ ਨੂੰ ਕਿਹਾ ਤਾਂ ਜੋ ਦੂਜੀਆਂ ਥਾਵਾਂ ‘ਤੇ ਜਾ ਕੇ ਦਿਖਾਇਆ ਜਾ ਸਕੇ ਕਿ ਕਿਸ ਤਰ੍ਹਾਂ ਪਾਰਟੀ ਤੇ ਸੰਗਠਨ ਦਾ ਕੰਮ ਹੁੰਦਾ ਹੈ। ਲੀਲਾ ਵਰਮਾ ਦੇ ਘਰ ਸਾਧਨਾਂ ਦੀ ਭਾਵੇਂ ਕਮੀ ਸੀ ਪਰ ਉਨ੍ਹਾਂ ਨੇ ਰਾਵਤ ਦੇ ਸਵਾਗਤ ‘ਚ ਕੋਈ ਕਸਰ ਨਹੀਂ ਛੱਡੀ। ਰਾਵਤ ਨੇ ਉਨ੍ਹਾਂ ਘਰ ਬਲੈਕ ਟੀ ਪੀਤੀ। ਨਾਲ ਹੀ ਭੈਣ ਨੂੰ ਸੂਟ ਤੇ ਸਗਨ ਭੇਟ ਕੀਤਾ। ਬਦਲੇ ‘ਚ ਜਦੋਂ ਭੈਣ ਨੇ ਸਫਾਰੀ ਸੂਟ ਦਾ ਕੱਪੜਾ ਦੇਣਾ ਚਾਹਿਆ ਤਾਂ ਉਨ੍ਹਾਂ ਕਿਹਾ, ”ਭੈਣ ਦੇ ਘਰ ਤੋਂ ਕੁਝ ਲੈਂਦੇ ਨਹੀਂ ਹਨ। ਇਸ ‘ਤੇ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਇਸ ਨੂੰ ਕਾਂਗਰਸ ਵੱਲੋਂ ਸਮਝ ਕੇ ਲੈ ਲੈਣ। ਰਾਵਤ ਨੇ ਗਿਫਟ ਲੈਣ ਦੇ ਨਾਲ ਹੀ ਭੈਣ ਨੂੰ ਸੂਟ ਦੇ ਲਿਫਾਫੇ ‘ਚ ਸਗਨ ਵੀ ਦਿੱਤਾ।
ਇਸ ਤੋਂ ਬਾਅਦ ਰਾਵਤ ਕਾਂਗਰਸ ਦੇ ਥੰਮ੍ਹ ਕਹੇ ਜਾਣ ਵਾਲੇ 6 ਵਾਰ ਸੰਸਦ ਮੈਂਬਰ ਤੇ ਗ੍ਰਹਿ ਰਾਜ ਮੰਤਰੀ ਰਹੇ ਰਘੁਨੰਦਨ ਲਾਲ ਭਾਟੀਆ ਦੇ ਘਰ ਪੁੱਜੇ। ਰਾਵਤ ਨੇ ਕਿਹਾ ਕਿ ਬਤੌਰ ਸਿਆਸਤਦਾਨ ਉਨ੍ਹਾਂ ਨੇ ਭਾਟੀਆ ਤੋਂ ਬਹੁਤ ਕੁਝ ਸਿੱਖਿਆ ਹੈ। ਉਨ੍ਹਾਂ ਨੇ ਭਾਟੀਆ ਦਾ ਹਾਲ-ਚਾਲ ਪੁੱਛਿਆ। ਰਾਵਤ ਨੇ ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਦੀ ਵੀ ਤਾਰੀਫ ਕੀਤੀ ਜਿਨ੍ਹਾਂ ਦਾ ਲੰਬਾ ਸਾਥ ਉਨ੍ਹਾਂ ਨੂੰ ਮਿਲਿਆ।