ਬੀਤੇ ਦਿਨ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਪਹਿਲੀ ਵਾਰ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਅਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ ਸੀ।
ਇਸ ਦੌਰਾਨ ਸਿੱਧੂ ਨੇ ਸੀਨੀਅਰ ਆਗੂਆਂ ਨੂੰ ਆਪਣੇ ਮੁੱਦਿਆਂ ਤੋਂ ਜਾਣੂ ਕਰਵਾਇਆ ਹੈ। ਸੂਤਰਾਂ ਦੇ ਅਨੁਸਾਰ 24 ਅਕਬਰ ਰੋਡ (ਕਾਂਗਰਸ ਹੈਡਕੁਆਰਟਰ) ਵਿਖੇ ਕਰੀਬ ਡੇਢ ਘੰਟੇ ਤੱਕ ਚੱਲੀ ਮੀਟਿੰਗ ਵਿੱਚ ਪੰਜਾਬ ਸਰਕਾਰ ਅਤੇ ਸੰਗਠਨ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਚੋਣਾਂ ਤੋਂ ਪਹਿਲਾਂ , ਪੂਰੀ ਪਾਰਟੀ ਮੈਦਾਨ ਵਿੱਚ ਇਕੱਠੀ ਹੋ ਸਕੇ। ਮੀਟਿੰਗ ਤੋਂ ਬਾਅਦ ਰਾਵਤ ਨੇ ਕਿਹਾ, “ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਦੇ ਵਿੱਚ ਗੱਲਬਾਤ ਹੋਈ ਹੈ। ਕੁੱਝ ਚੀਜ਼ਾਂ ਹਨ ਜਿਨ੍ਹਾਂ ਵਿੱਚ ਸਮਾਂ ਲੱਗਦਾ ਹੈ। ਕਾਂਗਰਸ ਪ੍ਰਧਾਨ ਦਾ ਫੈਸਲਾ ਸਾਰਿਆਂ ਵੱਲੋ ਸਵੀਕਾਰ ਕੀਤਾ ਜਾਵੇਗਾ।”
ਇਹ ਵੀ ਪੜ੍ਹੋ : IPS ਸਿਧਾਰਥ ਚੱਟੋਪਾਧਿਆਏ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਵੱਜੋਂ ਕੀਤਾ ਗਿਆ ਨਿਯੁਕਤ
ਇਸ ਤੋਂ ਬਾਅਦ ਸਿੱਧੂ ਨੇ ਕਿਹਾ, “ਮੈਂ ਪੰਜਾਬ ਅਤੇ ਪੰਜਾਬੀਆਂ ਨਾਲ ਜੁੜੀਆਂ ਚਿੰਤਾਵਾਂ ਨੂੰ ਪਾਰਟੀ ਹਾਈ ਕਮਾਂਡ ਤੱਕ ਪਹੁੰਚਾ ਦਿੱਤਾ ਹੈ। ਮੈਨੂੰ ਕਾਂਗਰਸ ਪ੍ਰਧਾਨ, ਰਾਹੁਲ ਗਾਂਧੀ ਜੀ ਅਤੇ ਪ੍ਰਿਯੰਕਾ ਗਾਂਧੀ ਜੀ ਵਿੱਚ ਪੂਰਾ ਵਿਸ਼ਵਾਸ ਹੈ। ਉਹ ਜੋ ਵੀ ਫੈਸਲਾ ਲੈਣਗੇ, ਉਹ ਕਾਂਗਰਸ ਅਤੇ ਪੰਜਾਬ ਦੇ ਹਿੱਤ ਵਿੱਚ ਹੋਵੇਗਾ। ਮੈਂ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਾਂਗਾ।” ਜ਼ਿਕਰਯੋਗ ਹੈ ਕਿ 28 ਸਤੰਬਰ ਨੂੰ ਸਿੱਧੂ ਨੇ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਪੱਤਰ ਵਿੱਚ ਸਿੱਧੂ ਨੇ ਕਿਹਾ ਸੀ ਕਿ ਉਹ ਪਾਰਟੀ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਨੇ ਚਿੱਠੀ ਵਿੱਚ ਲਿਖਿਆ ਸੀ, “ਕਿਸੇ ਵੀ ਵਿਅਕਤੀ ਦੀ ਸ਼ਖਸੀਅਤ ਵਿੱਚ ਗਿਰਾਵਟ ਸਮਝੌਤੇ ਨਾਲ ਸ਼ੁਰੂ ਹੁੰਦੀ ਹੈ, ਮੈਂ ਪੰਜਾਬ ਦੇ ਭਵਿੱਖ ਅਤੇ ਪੰਜਾਬ ਦੀ ਭਲਾਈ ਦੇ ਏਜੰਡੇ ਨਾਲ ਸਮਝੌਤਾ ਨਹੀਂ ਕਰ ਸਕਦਾ।”