ਨਵਜੋਤ ਸਿੱਧੂ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਬੀਤੇ ਦਿਨ ਪੰਜਾਬ ਵਿੱਚ ਇੱਕ ਵਾਰ ਫਿਰ ਸਿਆਸੀ ਭੂਚਾਲ ਆ ਗਿਆ ਹੈ। ਉੱਥੇ ਹੀ ਹੁਣ ਕਾਂਗਰਸ ‘ਚ ਸ਼ੁਰੂ ਹੋਇਆ ਕਲੇਸ਼ ਕਿੱਥੇ ਜਾਂ ਕੇ ਰੁਕਦਾ ਹੈ ਇਸ ‘ਤੇ ਸਭ ਦੀਆਂ ਨਜਰਾਂ ਟਿਕੀਆਂ ਹੋਈਆ ਹਨ।
ਪਰ ਇਸ ਦੌਰਾਨ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਦੀ ਪਹਿਲੀ ਪ੍ਰਤੀਕਿਰਿਆ ਵੀ ਸਾਹਮਣੇ ਆ ਗਈ ਹੈ। ਸਿੱਧੂ ਨੇ ਇੱਕ ਟਵੀਟ ਰਾਹੀਂ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਿੱਧੂ ਨੇ ਇਸ ਦੌਰਾਨ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਵੀਡੀਓ ਸਾਂਝੀ ਕਰਦਿਆਂ ਸਿੱਧੂ ਨੇ ਲਿਖਿਆ ਹੈ ਕਿ, ਹੱਕ-ਸੱਚ ਦੀ ਲੜਾਈ ਆਖਰੀ ਦਮ ਤੱਕ ਲੜਦਾ ਰਹਾਂਗਾ।” ਅੱਗੇ ਵੀਡੀਓ ‘ਚ ਉਨ੍ਹਾਂ ਕਿਹਾ ਕਿ ‘ਮੇਰੀ ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈ। ਮੇਰੇ ਰਾਜਨੀਤਕ ਕਰੀਅਰ ਦੇ 17 ਸਾਲ ਇੱਕ ਮਕਸਦ, ਫਰਕ ਲਿਆਉਣ, ਇੱਕ ਸਟੈਂਡ ਲੈਣ ਅਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਰਹੇ ਹਨ। ਇਹ ਮੇਰਾ ਇੱਕੋ ਇੱਕ ਧਰਮ ਹੈ।
ਕੱਲ੍ਹ ਨਵਜੋਤ ਸਿੰਘ ਸਿੱਧੂ ਨੇ ਅਚਾਨਕ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕੱਲ੍ਹ ਤੱਕ ਸਿੱਧੂ 2022 ਵਿੱਚ ਪੰਜਾਬ ਵਿੱਚ ਸੱਤਾ ਹਾਸਿਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਪਰ ਅਚਾਨਕ ਹੀ ਸਿੱਧੂ ਨੇ ਕੁਰਸੀ ਛੱਡ ਦਿੱਤੀ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਬੀਤੇ ਦਿਨ ਤੋਂ ਹੀ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਵੀ ਜਾਰੀ ਹਨ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਕਾਂਗਰੇਸ ਦਾ ਇਹ ਕਾਟੋ ਕਲੇਸ਼ ਕਦ ਖਤਮ ਹੋਵੇਗਾ।