No work done : ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਦੀ ਵਕਾਲਤ ਦੇ ਇੱਕ ਦਿਨ ਬਾਅਦ ਕਾਂਗਰਸ ਦੇ ਪੰਜਾਬ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਸੰਗਠਨ ਦੇ ਕੰਮਕਾਜ ਨੂੰ ਲੈ ਕੇ ਨਾਰਾਜ਼ ਦਿਖੇ। ਕਾਂਗਰਸ ਦੀ ਕਮਾਨ ਸੁਨੀਲ ਜਾਖੜ ਦੇ ਹੱਥਾਂ ‘ਚ ਹੈ। ਰਾਵਤ ਨੇ ਅਪ੍ਰਤੱਖ ਰੂਪ ਨਾਲ ਜਾਖੜ ‘ਤੇ ਨਿਸ਼ਾਨਾ ਵਿਨ੍ਹਿਆ। ਰਾਵਤ ਦਾ ਕਹਿਣਾ ਹੈ ਕਿ ਪੰਜਾਬ ‘ਚ ਭਾਵੇਂ ਹੀ ਸਾਡੀ ਸਰਕਾਰ ਹੈ ਪਰ ਸੰਗਠਨ ਨੂੰ ਮਜ਼ਬੂਤ ਕਰਨ ਲਈ ਜੋ ਕੰਮ ਕੀਤਾ ਜਾਣਾ ਚਾਹੀਦਾ ਸੀ, ਉਹ ਨਹੀਂ ਕੀਤਾ ਗਿਆ। ਪ੍ਰਦੇਸ਼ ਇੰਚਾਰਜ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ‘ਚ ਕਾਂਗਰਸ ਆਪਣੀ ਤਾਕਤ ਤੋਂ ਵੱਧ ਦੂਜਿਆਂ ਦੀਆਂ ਕਮਜ਼ੋਰੀਆਂ ‘ਤੇ ਜ਼ਿਆਦਾ ਨਿਰਭਰ ਕਰ ਰਹੀ ਹੈ।
ਇੰਚਾਰਜ ਬਣਨ ਤੋਂ ਬਾਅਦ ਹਰੀਸ਼ ਰਾਵਤ ਪਿਛਲੇ 10 ਦਿਨਾਂ ਤੋਂ ਪੰਜਾਬ ‘ਚ ਹੀ ਹਨ। ਇਸ ਦੌਰਾਨ ਜਿਥੇ ਉਹ ਨਵਜੋਤ ਸਿੰਘ ਸਿੱਧੂ ਦੇ ਘਰ ਗਏ। ਰਾਹੁਲ ਗਾਂਧੀ ਦੀ 3 ਦਿਨ ਦੀ ਟਰੈਕਟਰ ਯਾਤਰਾ ਵੀ ਕੱਢੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਸੰਗਠਨ ਵੱਲ ਧਿਆਨ ਨਹੀਂ ਦਿੱਤਾ ਗਿਆ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ 9 ਮਹੀਨੇ ਤੋਂ ਪੰਜਾਬ ‘ਚ ਸੰਗਠਨਾਤਮਕ ਢਾਂਚਾ ਭੰਗ ਹੋ ਚੁੱਕਾ ਹੈ। ਦੋ ਮਹੀਨੇ ਤੋਂ ਅਧਿਕਾਰੀਆਂ ਦੀ ਲਿਸਟ ਪਾਰਟੀ ਹਾਈਕਮਾਨ ਕੋਲ ਲਟਕੀ ਹੋਈ ਹੈ? ਇਸ ਸਬੰਧ ‘ਚ ਉਨ੍ਹਾਂ ਕਿਹਾ ਕਿ ਅਜੇ ਨਵੇਂ ਸੰਗਠਨ ਦਾ ਢਾਂਚਾ ਤਿਆਰ ਹੋਣ ‘ਚ 2 ਮਹੀਨੇ ਦਾ ਸਮਾਂ ਲੱਗ ਸਕਦਾ ਹੈ।
ਹਰੀਸ਼ ਰਾਵਤ ਨੇ ਕਿਹਾ ਕਿ ਜ਼ਮੀਨੀ ਪੱਧਰ ‘ਤੇ ਕੰਮ ਕਰਕੇ ਸੰਗਠਨ ਦਾ ਢਾਂਚਾ ਤਿਆਰ ਕੀਤਾ ਜਾਵੇਗਾ। ਹਰੀਸ਼ ਰਾਵਤ ਨੇ ਇਹ ਵੀ ਸੰਕੇਤ ਦਿੱਤੇ ਕਿ ਜੋ ਲਿਸਟ ਸਾਬਕਾ ਇੰਚਾਰਜ ਆਸ਼ਾ ਕੁਮਾਰੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਵੱਲੋਂ ਤਿਆਰ ਕੀਤੀ ਗਈ ਹੈ, ਉਸ ‘ਚ ਵੀ ਤਬਦੀਲੀ ਕੀਤੀ ਜਾ ਸਕਦੀ ਹੈ। ਸਰਕਾਰ ‘ਚ ਪਾਰਟੀ ਵਰਕਰਾਂ ਦੀ ਸੁਣਵਾਈ ਨਹੀਂ ਹੁੰਦੀ ਹੈ। ਇਸ ਤਰ੍ਹਾਂ ਦੇ ਦੋਸ਼ ਲੰਬੇ ਸਮੇਂ ਤੋਂ ਲੱਗਦੇ ਆ ਰਹੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਇੰਚਾਰਜ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਸੰਗਠਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ ‘ਚ ਪੰਜਾਬ ਕਾਂਗਰਸ ‘ਚ ਕੰਮ ਨਹੀਂ ਕੀਤਾ ਗਿਆ।