Opposition meeting with president: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਕਿਸਾਨਾਂ ਦਾ ਸੰਘਰਸ਼ ਲੰਬੇ ਸਮੇਂ ਤੋਂ ਜਾਰੀ ਹੈ। ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਅੱਜ 14 ਵੇਂ ਦਿਨ ਵੀ ਜਾਰੀ ਹੈ। ਕਿਸਾਨ ਸੰਗਠਨਾਂ ਵੱਲੋਂ ਮੰਗਲਵਾਰ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਰਤ ਬੰਦ ਬੁਲਾਇਆ ਗਿਆ ਸੀ ਜੋ ਸ਼ਾਂਤਮਈ ਰਿਹਾ ਅਤੇ ਇਸ ਦਾ ਦੇਸ਼ ਵਿਆਪੀ ਪ੍ਰਭਾਵ ਦੇਖਣ ਨੂੰ ਮਿਲਿਆ। ਮੰਗਲਵਾਰ ਦੀ ਦੇਰ ਰਾਤ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ 13 ਕਿਸਾਨ ਨੇਤਾਵਾਂ ਦੀ ਮੁਲਾਕਾਤ ਬੇਸਿੱਟਾ ਰਹੀ। ਅਚਾਨਕ ਬੁਲਾਈ ਗਈ ਬੈਠਕ ਵਿੱਚ ਇੱਕ ਹੱਲ ਦੀ ਉਮੀਦ ਕੀਤੀ ਜਾ ਰਹੀ ਸੀ। ਪਰ ਕਿਸਾਨ ਆਗੂ ਆਪਣੀਆਂ ਮੰਗਾਂ ਤੋਂ ਪਿੱਛੇ ਹੱਟਣ ਲਈ ਤਿਆਰ ਨਹੀਂ ਹਨ। ਦੂਜੇ ਪਾਸੇ, ਸਰਕਾਰ ਨੇ ਵੀ ਆਪਣਾ ਇਰਾਦਾ ਸਪੱਸ਼ਟ ਕਰ ਦਿੱਤਾ ਹੈ ਕਿ ਕਾਨੂੰਨ ਵਾਪਿਸ ਨਹੀਂ ਕੀਤੇ ਜਾਣਗੇ।
ਲੱਗਭਗ ਹਰ ਵੱਡੀ ਵਿਰੋਧੀ ਧਿਰ ਨੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਹੈ। ਇਸ ਕੜੀ ਵਿੱਚ ਮੁੱਖ ਵਿਰੋਧੀ ਪਾਰਟੀਆਂ ਦੇ ਨੇਤਾ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲਣਗੇ। ਸੂਤਰਾਂ ਅਨੁਸਾਰ, ਵਿਰੋਧੀ ਧਿਰ ਕਾਨੂੰਨ ਸੰਬੰਧੀ ਮੁਸ਼ਕਲਾਂ ਰਾਸ਼ਟਰਪਤੀ ਦੇ ਸਾਹਮਣੇ ਰੱਖੇਗੀ। ਕਿਸਾਨ ਅੰਦੋਲਨ ਦਾ ਮੁੱਖ ਟੀਚਾ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ। ਵਿਰੋਧੀ ਧਿਰ ਅਨੁਸਾਰ ਇਸ ਕਾਨੂੰਨ ਨਾਲ ਨਾ ਸਿਰਫ ਕਿਸਾਨ ਬਲਕਿ ਸਮੁੱਚਾ ਖੇਤੀ ਉਦਯੋਗ ਪ੍ਰਭਾਵਿਤ ਹੋ ਰਿਹਾ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਵਿਰੋਧੀ ਧਿਰ ਵੱਲੋਂ ਅਪੀਲ ਕੀਤੀ ਜਾਏਗੀ ਕਿ ਰਾਸ਼ਟਰਪਤੀ ਸਰਕਾਰ ਨਾਲ ਕਿਵੇਂ ਗੱਲ ਕਰ ਸਕਦੇ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਿਸ ਕਿਵੇਂ ਲਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕੋਵਿਡ -19 ਨਾਲ ਸਬੰਧਿਤ ਪ੍ਰੋਟੋਕੋਲ ਦੇ ਕਾਰਨ, ਸਿਰਫ ਪੰਜ ਨੇਤਾ ਇੱਕੋ ਸਮੇਂ ਰਾਸ਼ਟਰਪਤੀ ਨੂੰ ਮਿਲ ਸਕਦੇ ਹਨ। ਅੱਜ ਦੀ ਅਜਿਹੀ ਬੈਠਕ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ, ਐਨਸੀਪੀ ਨੇਤਾ ਸ਼ਰਦ ਪਵਾਰ, ਸੀਪੀਆਈ (ਐਮ) ਦੇ ਨੇਤਾ ਸੀਤਾਰਾਮ ਯੇਚੁਰੀ ਸਮੇਤ ਕੁੱਲ ਪੰਜ ਨੇਤਾ ਸ਼ਾਮਿਲ ਹੋ ਸਕਦੇ ਹਨ। ਵਿਰੋਧੀ ਧਿਰ ਦੇ ਨੇਤਾ ਸ਼ਾਮ 4 ਵਜੇ ਰਾਸ਼ਟਰਪਤੀ ਭਵਨ ਪਹੁੰਚਣਗੇ ਅਤੇ ਰਾਸ਼ਟਰਪਤੀ ਨਾਲ ਮੁਲਾਕਾਤ ਪੰਜ ਵਜੇ ਸ਼ੁਰੂ ਹੋਵੇਗੀ।