Punjab Congress in-charge : ਅੰਮ੍ਰਿਤਸਰ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੰਜਾਬ ਕਾਂਗਰਸ ‘ਚ ਹਲਚਲ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਦੇਰ ਰਾਤ ਇਥੇ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਮੁਲਾਕਤ ਕੀਤੀ। ਰਾਵਤ ਨੇ ਕਿਹਾ ਕਿ ਸਿੱਧੂ ਜਲਦ ਹੀ ਸਰਗਰਮ ਹੋਣਗੇ। ਸਿੱਧੂ ਕਾਂਗਰਸ ਲਈ ਮਹੱਤਵਪੂਰਨ ਹਨ ਅਤੇ ਪਾਰਟੀ ਉਨ੍ਹਾਂ ਦਾ ਇਸਤੇਮਾਲ ਕਰੇਗੀ। ਸਿੱਧੂ ਪੰਜਾਬ ‘ਚ ਰਾਹੁਲ ਗਾਂਧੀ ਦੀ ਰੈਲੀ ‘ਚ ਆਉਣਗੇ ਤੇ ਮੈਂ ਖੁਦ ਉਨ੍ਹਾਂ ਨੂੰ ਲੈ ਕੇ ਆਵਾਂਗਾ।
ਹਰੀਸ਼ ਰਾਵਤ ਵੀਰਵਾਰ ਦੇਰ ਰਾਤ ਅਚਾਨਕ ਨਵਜੋਤ ਸਿੰਘ ਸਿੱਧੂ ਦੀ ਕੋਠੀ ‘ਤੇ ਪੁੱਜੇ। ਉਨ੍ਹਾਂ ਸਿੱਧੂ ਨਾਲ ਲੰਬੀ ਚਰਚਾ ਕੀਤੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਦੱਸਿਆ ਜਾਂਦਾ ਹੈ ਕਿ ਕਾਂਗਰਸ ਸਿੱਧੂ ਨੂੰ ਪੰਜਾਬ ‘ਚ ਪਾਰਟੀ ‘ਚ ਮਹੱਤਵਪੂਰਨ ਭੂਮਿਕਾ ਦੇਣ ਜਾ ਰਹੀ ਹੈ ਅਤੇ ਹਰੀਸ਼ ਵਾਰ ਇਸੇ ਸਬੰਧੀ ਸਿੱਧੂ ਨੂੰ ਮਿਲਣ ਪਹੁੰਚੇ ਸਨ। ਉਨ੍ਹਾਂ ਦੀ ਸਿੱਧੂ ਨਾਲ ਇਸ ਮੌਕੇ ‘ਤੇ ਲੰਬੀ ਗੱਲਬਾਤ ਹੋਈ। ਬੈਠਕ ਦੌਰਾਨ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੀ ਮੌਜੂਦ ਸਨ। ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਨੇ ਪਾਰਟੀ ਨੂੰ ਲੈ ਕੇ ਕਿਸਾਨ ਅੰਦੋਲਨ ਨੂੰ ਲੈ ਕੇ ਗੱਲਬਾਤ ਕੀਤੀ ਹੈ। ਸਿੱਧੂ ਪਾਰਟੀ ਲਈ ਹਰ ਤਰ੍ਹਾਂ ਤੋਂ ਮਹੱਤਵਪੂਰਨ ਹਨ। ਉਨ੍ਹਾਂ ਦੀਆਂ ਸੇਵਾਵਾਂ ਦਾ ਸਹੀ ਇਸਤੇਮਾਲ ਕਰਨਗੇ। ਰਾਹੁਲ ਗਾਂਧੀ ਸਾਡੇ ਸਾਰਿਆਂ ਦੇ ਨੇਤਾ ਹਨ। ਰਾਹੁਲ ਗਾਂਧੀ ਦੀ ਰੈਲੀ ‘ਚ ਸਿੱਧੂ ਜ਼ਰੂਰ ਜਾਣਗੇ ਅਤੇ ਮੈਂ ਉਨ੍ਹਾਂ ਨੂੰ ਖੁਦ ਲੈ ਕੇ ਜਾਵਾਂਗਾ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਹੇ ਵਿਵਾਦ ‘ਤੇ ਰਾਵਤ ਨੇ ਕਿਹਾ ਕਿ ਦੋਵੇਂ ਵੱਡੇ ਅਤੇ ਛੋਟੇ ਭਰਾ ਹਨ ਜਦੋਂ ਬੈਠਣਗੇ ਸਾਰੀਆਂ ਗੱਲਾਂ ਹੱਲ ਹੋ ਜਾਣਗੀਆਂ। ਆਉਣ ਵਾਲੇ ਦਿਨਾਂ ‘ਚ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹਰ ਪ੍ਰੋਗਰਾਮ ‘ਚ ਨਜ਼ਰ ਆਉਣਗੇ। ਸਿੱਧੂ ਕਾਂਗਰਸ ਦੀ ਭਵਿੱਖ ਦੀ ਪੂੰਜੀ ਹੈ। ਕਾਂਗਰਸ ਕੋਲ ਦੋ ਵੱਡੀਆਂ ਤੋਪਾਂ ਹਨ। ਕੈਪਟਨ ਅਮਰਿੰਦਰ ਸਿੰਘ ਕੋਲ ਤਜਰਬਾ ਹੈ ਤੇ ਨਵਜੋਤ ਸਿੰਘ ਸਿੱਧੂ ਕੋਲ ਲੋਕਾਂ ਦੀ ਨਬਜ਼ ਹੈ।