Rahul again targeted : ਸੰਗਰੂਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਦੂਜੇ ਦਿਨ ਪੰਜਾਬ ‘ਚ ਆਪਣੀ ਟਰੈਕਟਰ ਯਾਤਰਾ ‘ਚ ਕੇਂਦਰ ਸਰਕਾਰ ‘ਤੇ ਫਿਰ ਜੰਮ ਕੇ ਨਿਸ਼ਾਨਾ ਵਿਨ੍ਹਿਆ। ਰਾਹੁਲ ਦੀ ਯਾਤਰਾ ‘ਚ ਕਿਸਾਨ ਮਜ਼ਦੂਰ ਏਕਤਾ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਂਝ ਰਾਹੁਲ ਦੀ ਦੂਜੇ ਦਿਨ ਦੀ ਯਾਤਰਾ ‘ਚ ਪੰਜਾਬ ਕਾਂਗਰਸ ‘ਚ ਸਿੱਧੂ ਨੂੰ ਲੈ ਕੇ ਵੀ ਵੱਡੇ ਸੰਕੇਤ ਮਿਲੇ। ਪਹਿਲੇ ਦਿਨ ਯਾਤਰਾ ‘ਚ ਸ਼ਾਮਲ ਸਿੱਧੂ ਅੱਜ ਨਜ਼ਰ ਨਹੀਂ ਆਏ। ਯਾਤਰਾ ਦੀ ਸ਼ੁਰੂਆਤ ‘ਤੇ ਹੋਈ ਰੈਲੀ ‘ਚ ਹੋਰ ਨੇਤਾਵਾਂ ਦੇ ਨਾਲ ਹਰਿਆਣਾ ਕਾਂਗਰਸ ਦੇ ਨੇਤਾ ਦੀਪੇਂਦਰ ਸਿੰਘ ਹੁੱਡਾ ਤਾਂ ਆਏ ਪਰ ਸਿੱਧੂ ਨਹੀਂ ਪੁੱਜੇ। ਇਸ ਨਾਲ ਸਿੱਧੂ ਨੂੰ ਲੈ ਕੇ ਕਿਆਸਬਾਜ਼ੀ ਹੋਰ ਤੇਜ਼ ਹੋ ਗਈ ਹੈ।
ਦੂਜੇ ਦਿਨ ਦੀ ਯਾਤਰਾ ਦੀ ਸ਼ੁਰੂਆਤ ‘ਤੇ ਆਯੋਜਿਤ ਰੈਲੀ ‘ਚ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਮਸਲਾ ਕਿਸਾਨ ਤੇ ਮਜ਼ਦੂਰ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਹੈ। ਅੰਡਾਨੀ ਤੇ ਅੰਬਾਨੀ ਦੇਸ਼ ਦੇ ਅੰਨ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਰਾਹੁਲ ਨੇ ਕਿਹਾ, ਤਿੰਨ ਖੇਤੀ ਕਾਨੂੰਨਾਂ ਜ਼ਰੀਏ ਲੋਕਾਂ ਖਾਸ ਕਰਕੇ ਕਿਸਾਨਾਂ ਦੀ ਆਜ਼ਾਦੀ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਇਸ ਨੂੰ ਹੋਣ ਨਹੀਂ ਦੇਵੇਗੀ। ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ‘ਚ ਕਿਸਾਨਾਂ ਦੇ ਮੁੱਦਿਆਂ ਦੇ ਨਾਲ ਨੋਟਬੰਦੀ ਤੇ GST ਨੂੰ ਵੀ ਥਾਂ ਦਿੱਤੀ। ਉਨ੍ਹਾਂ ਕਿਹਾ ਕਿ ਦੋਵਾਂ ਨਾਲ ਦੇਸ਼ ਦੀ ਅਰਥ ਵਿਵਸਥਾ ਨੂੰ ਬਹੁਤ ਨੁਕਸਾਨ ਪੁੱਜਾ ਤੇ ਹੁਣ ਤਿੰਨ ਖੇਤੀ ਕਾਨੂੰਨਾਂ ਰਾਹੀਂ ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਪੀਡੀ. ਐੱਸ. ਸਿਸਟਮ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਪਰ ਨਰਿੰਦਰ ਮੋਦੀ ਤਾਂ ਅਡਾਨੀ ਤੇ ਅੰਬਾਨੀ ਲਈ ਜ਼ਮੀਨ ਸਾਫ ਕਰ ਰਹੇ ਹਨ।
ਰਾਹੁਲ ਗਾਂਧੀ ਨੇ ਕਿਹਾ ਕਿ ਕੁਝ ਪੂੰਜੀਪਤੀ ਕਿਸਾਨਾਂ ਦੀ ਜ਼ਮੀਨ ਤੇ ਫਸਲ ਨੂੰ ਹਥਿਆਉਣਾ ਚਾਹੁੰਦੇ ਹਨ। ਨਰਿੰਦਰ ਮੋਦੀ ਨੇ ਪਹਿਲਾਂ ਹੀ ਨੋਟਬੰਦੀ ਤੇ ਜੀ. ਐੱਸ. ਟੀ. ਤੋਂ ਬਾਅਦ ਰੋਜ਼ਗਾਰ ਦੇਣ ਵਾਲਾ ਸਿਸਟਮ ਖਤਮ ਕਰ ਦਿੱਤਾ ਹੈ ਤੇ ਆਉਣ ਵਾਲੇ ਸਮੇਂ ‘ਚ ਦੇਸ਼ ‘ਚ ਰੋਜ਼ਗਾਰ ਦੇਣ ਵਾਲਾ ਸਿਸਟਮ ਪੂਰੀ ਤਰ੍ਹਾਂ ਤੋਂ ਖਤਮ ਹੋ ਜਾਵੇਗਾ। PM ਨਰਿੰਦਰ ਮੋਦੀ ਨੂੰ ਅਡਾਨੀ ਤੇ ਅੰਬਾਨੀ ਵਰਗੇ ਪੂੰਜੀਪਤੀ ਕਠਪੁਤਲੀ ਦੀ ਤਰ੍ਹਾਂ ਨਚਾ ਰਹੇ ਹਨ। ਕਲ ਮੋਗਾ ਵਿਖੇ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਕੈਪਟਨ ਤੇ ਉਨ੍ਹਾਂ ਦੀ ਸਰਕਾਰ ‘ਤੇ ਹਮਲਾ ਕੀਤਾ ਸੀ, ਉਸ ਤੋਂ ਰਾਹੁਲ ਨਾਰਾਜ਼ ਹੋ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਇਸ ਲਈ ਅੱਜ ਸਿੱਧੂ ਨੂੰ ਨਹੀਂ ਬੁਲਾਇਆ ਗਿਆ।