ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਚੋਣ ਰੈਲੀ ‘ਚ ਕਾਂਗਰਸੀ ਆਗੂਆਂ ਦੇ ਹੱਕ ‘ਚ ਪ੍ਰਚਾਰ ਕਰਨ ਦੌਰਾਨ ਪੰਜਾਬ ਪੁਲਿਸ ‘ਤੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਲਈ ਪੁਲਿਸ ਮੁਲਾਜ਼ਮਾਂ ਤੋਂ ਸ਼ਰਮਿੰਦਗੀ ਦਾ ਪ੍ਰਗਟਾਵਾ ਕਰਦੇ ਹੋਏ ਮੁਆਫ਼ੀ ਮੰਗੀ ਹੈ।
ਬਿੱਟੂ ਨੇ ਕਿਹਾ ਕਿ ਦੁਨੀਆ ਦੀ ਕੋਈ ਵੀ ਪੁਲਿਸ ਅੱਤਵਾਦ ਦਾ ਸਫਾਇਆ ਨਹੀਂ ਕਰ ਸਕੀ ਪਰ ਪੰਜਾਬ ਪੁਲਿਸ ਦੇ ਜਵਾਨ ਹੀ ਹਨ ਜਿਨ੍ਹਾਂ ਨੇ ਸੂਬੇ ਨੂੰ ਇਸ ਕਾਲੇ ਦੌਰ ਵਿੱਚੋਂ ਬਾਹਰ ਕੱਢਿਆ ਹੈ। ਆਈਪੀਐਸ ਅਫਸਰਾਂ ਤੋਂ ਲੈ ਕੇ ਕਾਂਸਟੇਬਲਾਂ ਅਤੇ ਇੱਥੋਂ ਤੱਕ ਕਿ ਹੋਮਗਾਰਡ ਜਵਾਨਾਂ ਤੱਕ, ਹਜ਼ਾਰਾਂ ਲੋਕਾਂ ਨੇ ਪੰਜਾਬ ਵਿੱਚ ਅੱਤਵਾਦ ਦੇ ਖਾਤਮੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਬਿੱਟੂ ਨੇ ਕਿਹਾ, ”ਮੈਂ ਪਿਛਲੇ ਦੋ ਦਿਨਾਂ ਤੋਂ ਇੰਟਰਨੈੱਟ ਮੀਡੀਆ ‘ਤੇ ਦੇਖ ਰਿਹਾ ਹਾਂ ਕਿ ਡੀਐਸਪੀ ਤੋਂ ਬਾਅਦ ਹੁਣ ਤੱਕ ਕਈ ਲੋਕ ਪੁਲਿਸ ਵਿਰੁੱਧ ਕੀਤੀ ਜਾ ਰਹੀ ਟਿੱਪਣੀ ਦਾ ਵਿਰੋਧ ਦਰਜ ਕਰਵਾ ਰਹੇ ਹਨ।
ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਸੰਸਦ ਮੈਂਬਰ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਦਾ ਨਾਂ ਲਏ ਬਿਨਾਂ ਉਨ੍ਹਾਂ ਦਾ ਵਿਰੋਧ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਖਿਲਾਫ ਅਜਿਹੀਆਂ ਇਤਰਾਜ਼ਯੋਗ ਟਿੱਪਣੀਆਂ ਨਿੰਦਣਯੋਗ ਹਨ। ਬਿੱਟੂ ਨੇ ਕਿਹਾ ਕਿ ਅੱਤਵਾਦ ਦੇ ਸਮੇਂ ਕੋਈ ਵੀ ਆਪਣੇ ਘਰੋਂ ਬਾਹਰ ਨਹੀਂ ਨਿਕਲਦਾ ਸੀ ਪਰ ਪੁਲਿਸ ਨੇ ਅੱਤਵਾਦ ਦਾ ਡਟ ਕੇ ਸਾਹਮਣਾ ਕੀਤਾ। ਮੈਂ ਉਨ੍ਹਾਂ ‘ਤੇ ਟਿੱਪਣੀਆਂ ਕਰਨ ਵਾਲੇ ਸਿਆਸੀ ਲੋਕਾਂ ਤੋਂ ਹੈਰਾਨ ਹਾਂ ਕਿਉਂਕਿ ਅੱਜ ਵੀ ਅਜਿਹੇ ਲੋਕ ਘਰੋਂ ਬਾਹਰ ਨਹੀਂ ਨਿਕਲਦੇ ਜਦੋਂ ਤੱਕ 20-30 ਪੁਲਿਸ ਵਾਲੇ ਉਨ੍ਹਾਂ ਦੇ ਨਾਲ ਨਾ ਹੋਣ।
ਇਹ ਉਹੀ ਪੁਲਿਸ ਵਾਲੇ ਹਨ ਜੋ ਤੁਹਾਡੀ ਸੁਰੱਖਿਆ ਲਈ ਤੁਹਾਡੇ ਨਾਲ ਚੱਲਦੇ ਹਨ। ਤੁਹਾਡੀਆਂ ਬੁਲੇਟ ਪਰੂਫ ਗੱਡੀਆਂ ਦੇ ਅੰਦਰ ਵੀ, ਉਹੀ ਪੁਲਿਸ ਕਰਮਚਾਰੀ ਤੁਹਾਡੀ ਸੁਰੱਖਿਆ ਵਿੱਚ ਤਾਇਨਾਤ ਹਨ ਅਤੇ ਹੋਰ ਗੱਡੀਆਂ ਵਿੱਚ ਤੁਹਾਡੇ ਅੱਗੇ ਪਿੱਛੇ ਨਾਲ ਰਹਿੰਦੇ ਹਨ। ਉਨ੍ਹਾਂ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਠੀਕ ਨਹੀਂ ਹੈ। ਕਰੋਨਾ ਦੇ ਦੌਰ ਵਿੱਚ ਇਹ ਪੁਲਿਸ ਵਾਲੇ ਹੀ ਲੋਕਾਂ ਦੀ ਮਦਦ ਲਈ ਸਭ ਤੋਂ ਅੱਗੇ ਖੜੇ ਸਨ, ਜਦੋਂ ਲੋਕਾਂ ਨੂੰ ਬੱਸਾਂ ਅਤੇ ਵਾਹਨਾਂ ਵਿੱਚ ਘਰ ਘਰ ਭੇਜਿਆ ਜਾ ਰਿਹਾ ਸੀ, ਭੋਜਨ ਵੰਡਿਆ ਜਾ ਰਿਹਾ ਸੀ, ਤਾਂ ਇਹ ਪੁਲਿਸ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਡਿਊਟੀ ਦੇ ਰਹੀ ਸੀ।
ਇਹ ਪੁਲਿਸ ਵਿਭਾਗ ਹੈ ਜਿਸ ਦੇ ਜਵਾਨ 24 ‘ਚੋਂ 18-18 ਘੰਟੇ ਡਿਊਟੀ ਕਰਦੇ ਹਨ। ਅਜਿਹੇ ‘ਚ ਜਦੋਂ ਅਸੀਂ ਉਨ੍ਹਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦੇ ਹਾਂ ਤਾਂ ਉਹ ਕਿਸੇ ਦੀ ਸੁਰੱਖਿਆ ਕਿਵੇਂ ਕਰਨਗੇ। ਇਹ ਬਹਾਦਰ ਲੋਕ ਹਨ ਅਤੇ ਸਾਨੂੰ ਉਨ੍ਹਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਹ ਪਾਕਿਸਤਾਨੀ ਪੰਜਾਬ ਦੀ ਪੁਲਿਸ ਨਹੀਂ, ਇਹ ਜਵਾਨ ਵੀ ਸਾਡੇ ਵਿੱਚੋਂ ਹਨ। ਇਹ ਸਾਡੇ ਮਾਮੇ, ਚਾਚੇ, ਤਾਏ, ਪੁੱਟ ਹਨ, ਅਸੀਂ ਭਰਾ ਹਾਂ, ਇਹ ਪਰਾਏ ਨਹੀਂ, ਵੱਖਰੇ ਨਹੀਂ ਜੰਮੇ। ਮੈਂ ਹੈਰਾਨ ਹਾਂ ਕਿ ਉਨ੍ਹਾਂ ਨੂੰ ਬੁਰਾ ਕਿਉਂ ਕਿਹਾ ਜਾਂਦਾ ਹੈ।
ਦੇਖੋ ਵੀਡੀਓ : ਨਵਜੋਤ ਸਿੱਧੂ ਦੇ ਬਿਆਨ ‘ਤੇ ਭੜਕੇ ਰਵਨੀਤ ਬਿੱਟੂ ਪੁਲਿਸ ਨੂੰ ਡਰਪੋਕ ਕਹਿਣ ‘ਤੇ ਸੁਣਾਈ ਖਰੀਆਂ – ਖਰੀਆਂ
ਐਮ.ਪੀ ਬਿੱਟੂ ਨੇ ਪੁਲਿਸ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਜ਼ਬੇ ਨੂੰ ਕਮਜ਼ੋਰ ਨਾ ਹੋਣ ਦੇਣ, ਉਹ ਉਨ੍ਹਾਂ ਦੇ ਨਾਲ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਲਾਮ ਕਰਦੇ ਹਨ। ਜੋ ਵੀ ਸਿਆਸੀ ਪਾਰਟੀਆਂ ਤੁਹਾਡੇ ਬਾਰੇ ਅਜਿਹੀਆਂ ਗਲਤ ਗੱਲਾਂ ਕਰਦੀਆਂ ਹਨ, ਉਨ੍ਹਾਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: