ਅਗਲੇ ਮਹੀਨੇ ਪੰਜਾਬ ਅਤੇ ਯੂਪੀ ਸਣੇ 5 ਸੂਬਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਹਰ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਐਲਾਨੇ ਜਾ ਰਹੇ ਹਨ।
ਪਰ ਇਸ ਦੌਰਾਨ ਕਈ ਉਮੀਦਵਾਰਾਂ ਦੀਆਂ ਉਮੀਦਾਂ ‘ਤੇ ਪਾਣੀ ਵੀ ਫਿਰਿਆ ਹੈ। ਜਿਸ ਕਾਰਨ ਕਈ ਉਮੀਦਵਾਰ ਆਪਣੀਆਂ ਨਰਾਜ਼ਗੀਆਂ ਵੀ ਜਾਹਿਰ ਕਰ ਰਹੇ ਹਨ। ਇਸ ਦੌਰਾਨ ਤਾਜ਼ਾ ਖਬਰ ਕਾਂਗਰਸ ਪਾਰਟੀ ਦੇ ਨਾਲ ਜੁੜੀ ਹੋਈ ਹੈ। ਦਰਅਸਲ ਬੀਤੇ ਦਿਨ ਕਾਂਗਰਸ ਦੇ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ‘ਚ ਹਲਚਲ ਮੱਚ ਗਈ ਹੈ। ਕਿਉਂਕ ਇਸ ਸੂਚੀ ਦੇ ਅਨੁਸਾਰ 4 ਮੌਜੂਦਾ ਵਿਧਾਇਕਾਂ ਦੀ ਟਿਕਟਾਂ ਕੱਟੀਆਂ ਗਈਆਂ ਹਨ ਅਤੇ ਕਈਆਂ ਦੀਆਂ ਟਿਕਟਾਂ ਮਿਲਣ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ।ਉੱਥੇ ਹੀ ਗਾਇਕੀ ਤੋਂ ਸਿਆਸਤ ਦੇ ਅਖਾੜੇ ‘ਚ ਉਤਰੀ ਸਤਵਿੰਦਰ ਬਿੱਟੀ ਵੀ ਕਾਂਗਰਸ ਦੀ ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਕਾਫ਼ੀ ਨਿਰਾਸ਼ ਨਜ਼ਰ ਆਏ।
ਦਰਅਸਲ ਕਾਂਗਰਸ ਪਾਰਟੀ ਨੇ ਸਾਹਨੇਵਾਲ ਤੋਂ ਸਤਵਿੰਦਰ ਬਿੱਟੀ ਦੀ ਜਗ੍ਹਾ ਰਜਿੰਦਰ ਕੌਰ ਭੱਠਲ ਦੇ ਜਵਾਈ ਵਿਰਕਮ ਬਾਜਵਾ ਨੂੰ ਟਿਕਟ ਦੇ ਦਿੱਤੀ ਹੈ। ਜਿਸ ਮਗਰੋਂ ਬਿੱਟੀ ਨੇ ਆਪਣੀ ਹੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਬਿੱਟੀ ਨੇ ਕਿਹਾ ਕਿ ਉਹ ਪਰਿਵਾਰਵਾਦ ਅਤੇ ਸਿਆਸਤ ਦੀ ਭੇਟ ਚੜ੍ਹੀ ਹੈ। ਬਿੱਟੀ ਨੇ ਕਿਹਾ ਕਿ ਪਾਰਟੀ ਨੇ ਇਹ ਫੈਸਲਾ ਉਨ੍ਹਾਂ ਦੇ ਖਿਲਾਫ ਨਹੀਂ ਸਗੋਂ ਧੀਆਂ ਦੇ ਖਿਲਾਫ ਲਿਆ ਹੈ। ਸਤਵਿੰਦਰ ਬਿੱਟੀ ਨੇ ਪ੍ਰਿਯੰਕਾ ਗਾਂਧੀ ਨੂੰ ਪੁੱਛਿਆ ਹੈ ਕਿ ਉਨ੍ਹਾਂ ਦਾ ‘ਬੇਟੀ ਹਾਂ ਲੜ ਸਕਦੀ ਹਾਂ’ ਸਲੋਗਨ ਸੀ, ਹੁਣ ਉਹ ਕਿੱਥੇ ਗਿਆ ਜਾਂ ਫਿਰ ਸਲੋਗਨ ਸਿਰਫ ਉੱਤਰ ਪ੍ਰਦੇਸ਼ ਦੇ ਚੋਣ ਲਈ ਹੀ ਹੈ। ਬਿੱਟੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਪਾਰਟੀ ਮਹਿਲਾਵਾਂ ਨੂੰ ਵੱਧ ਤੋਂ ਵੱਧ ਟਿਕਟਾਂ ਦੇਣ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ ਲੁਧਿਆਣਾ ‘ਚ ਇੱਕ ਵੀ ਮਹਿਲਾ ਉਮੀਦਵਾਰ ਨੂੰ ਕਾਂਗਰਸ ਨੇ ਟਿਕਟ ਨਹੀਂ ਦਿੱਤੀ। ਫਿਲਹਾਲ ਹੁਣ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ।
ਵੀਡੀਓ ਲਈ ਕਲਿੱਕ ਕਰੋ -: