ਪੰਜਾਬ ਵਿਧਾਨ ਸਭਾ ਚੋਣਾਂ ਲਈ ਸੁਲਾਤਨਪੁਰ ਲੋਧੀ ਕਾਂਗਰਸ ਲਈ ਜੰਗ ਦਾ ਮੈਦਾਨ ਬਣ ਗਿਆ ਹੈ। ਇਸ ਹਲਕੇ ਤੋਂ ਜਿੱਥੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਚੋਣ ਲੜਾਉਣ ਦੀ ਤਿਆਰੀ ਕਰੀ ਬੈਠੇ ਹਨ, ਉੱਥੇ ਹੀ ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਸਟੇਜ ਤੋਂ ਨਵਤੇਜ ਚੀਮਾ ਦੇ ਹੱਕ ਵਿੱਚ ਦਹਾੜ ਕੇ ਰਾਣਾ ਗੁਰਜੀਤ ਨੂੰ ਵੱਡਾ ਝਟਕਾ ਦੇ ਦਿੱਤਾ ਹੈ।

ਇੰਨਾ ਹੀ ਨਹੀਂ ਉਨ੍ਹਾਂ ਇਸ ਦੌਰਾਨ ਬਿਨਾਂ ਨਾਮ ਲਏ ਮੰਤਰੀ ‘ਤੇ ਕਈ ਨਿਸ਼ਾਨੇ ਵੀ ਵਿੰਨ੍ਹੇ। ਸਿੱਧੂ ਨੇ ਕਿਹਾ ਕਿ ਮੈਂ ਨਵਤੇਜ ਚੀਮਾ ਦੀ ਸਰਦਾਰੀ ਕਾਇਮ ਕਰੂੰ। ਡਿੰਪਾ ਭਾਜੀ ਨਵਤੇਜ ਚੀਮਾ ਦੀ ਸੱਜੀ ਤੇ ਮੈਂ ਖੱਬੀ ਬਾਂਹ ਹਾਂ। ਨਵਤੇਜ ਚੀਮਾ ਦੇ ਹੱਕ ਵਿੱਚ ਬੋਲਦੇ ਸਿੱਧੂ ਨੇ ਕਿਹਾ ਕਿ ਮਰਦਾ ਮਰ ਜਾਊਂ ਚੀਮਾ ਦੀ ਸਰਦਾਰੀ ਅਗਲੇ 5-10 ਸਾਲ ਕਾਇਮ ਰੱਖਾਂਗਾ। ਇਸ ਦੌਰਾਨ ਸਿੱਧੂ ਨੇ ਰਾਣਾ ਗੁਰਜੀਤ ‘ਤੇ ਨਿਸ਼ਾਨਾ ਸਾਧਦੇ ਕਿਹਾ ਕਿ ਕਿਸੇ ਗਿੱਦੜਾਂ ਦੇ ਝੁੰਡ ਤੋਂ ਸ਼ੇਰ ਨਹੀਂ ਮਰਦੇ। ਉਨ੍ਹਾਂ ਨਵਤੇਜ ਚੀਮਾ ਦੇ ਮੋਢੇ ‘ਤੇ ਹੱਥ ਰੱਖਦੇ ਹੋਏ ਕਿਹਾ ਕਿ ਤੇਰੇ ਯਾਰ ਨੂੰ ਦੱਬਣ ਫਿਰਦੇ ਆ ਪਰ ਦੱਬਦਾ ਕਿੱਥੇ ਆ।
ਸਿੱਧੂ ਨੇ ਸਪੱਸ਼ਟ ਕਰ ਦਿੱਤਾ ਕਿ ਕਿਸੇ ਵੀ ਹਾਲਾਤ ਵਿੱਚ ਇੱਥੋਂ ਕਿਸੇ ਹੋਰ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦਾ ਹੱਥ ਨਵਤੇਜ ਚੀਮਾ ਦੇ ਸਿਰ ‘ਤੇ ਕੌਣ ਬੇਇੱਜ਼ਤ ਕਰ ਲਊ। ਸਿੱਧੂ ਨੇ ਕਿਹਾ ਕਿ ਪਿਛਲੀ ਵਾਰ ਵੀ ਕਹਿੰਦੇ ਸੀ ਚੀਮਾ ਗਿਆ ਪਰ ਲੋਕਾਂ ਨੇ ਬੱਲੇ-ਬੱਲੇ ਕਰਾ ਦਿੱਤਾ। ਪੰਜਾਬ ਕਾਂਗਰਸ ਪ੍ਰਧਾਨ ਨੇ ਨਵਤੇਜ ਚੀਮਾ ਨੂੰ ਕਿਹਾ ਕਿ ਸ਼ੇਰਾਂ ਵਾਂਗ ਦਹਾੜ ਸਿੱਧੂ ਤੇਰੇ ਨਾਲ ਖੜ੍ਹਾ ਆ, ਖਾ-ਪੀ ਆਨੰਦ ਕਰ। ਸਿੱਧੂ ਨੇ ਕਿਹਾ ਕਿ ਨਵਤੇਜ ਚੀਮਾ ਵਾਲਾ ਮਸਲਾ ਹੁਣ ਨਿਬੇੜ ਦਿੱਤਾ ਹੈ।
ਗੌਰਤਲਬ ਹੈ ਕਿ ਸੀ. ਐੱਮ. ਚੰਨੀ ਦੀ ਕੈਬਨਿਟ ਵਿੱਚ ਰਾਣਾ ਗੁਰਜੀਤ ਨੂੰ ਮੰਤਰੀ ਬਣਾਏ ਜਾਣ ਦਾ ਵਿਰੋਧ ਵੀ ਨਵਤੇਜ ਚੀਮਾ ਨੇ ਕੀਤਾ ਸੀ। ਵਿਧਾਇਕ ਚੀਮਾ ਨੇ ਹਾਲ ਹੀ ‘ਚ ਪੁਲਿਸ ਵੱਲੋਂ ਲੁੱਟ-ਖੋਹ ਤੇ ਕਤਲ ਦੇ ਦੋਸ਼ ‘ਚ ਗਿ੍ਫ਼ਤਾਰ ਕੀਤੇ ਗਏ ਮੋਨੂੰ ਢਪੱਈ ਦੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨਾਲ ਇਕ ਫਾਈਲ ਫੋਟੋ ਜਾਰੀ ਕਰਦੇ ਹੋਏ ਰਾਣਾ ਦੇ ਗੈਂਗਸਟਰ ਨਾਲ ਸਬੰਧ ਹੋਣ ਦੇ ਦੋਸ਼ ਵੀ ਲਾਏ ਸਨ। ਚੀਮਾ ਨੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਸਵਾਲ ਕਰਦੇ ਹੋਏ ਕਿਹਾ ਸੀ ਕਿ ਉਹ ਅਜਿਹੇ ਗੈਂਗਸਟਰਾਂ ਨੂੰ ਉਤਸ਼ਾਹਿਤ ਕਰ ਰਹੇ ਹਨ ਜੋ ਸੂਬੇ ਦੇ ਨੌਜਵਾਨਾਂ ਨੂੰ ਇਕ ਅਪਰਾਧ ਦੀ ਅੱਗ ਵੱਲ ਲੈ ਕੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”























