Corona vaccination for 18-44 year olds: ਸੂਬੇ ਵਿੱਚ ਕੋਰੋਨਾ ਦੇ ਵਧਦੇ ਕਹਿਰ ਤੋਂ ਬਚਣ ਲਈ ਵੈਕਸੀਨ ਨੂੰ ਹੀ ਇੱਕ-ਇੱਕੋ ਰਾਹ ਦੱਸਿਆ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ । ਕੇਂਦਰ ਸਰਕਾਰ ਵਲੋਂ 1 ਮਈ ਤੋਂ 18 ਸਾਲ ਤੋਂ ਉਪਰ ਉਮਰ ਵਾਲੇ ਲੋਕਾਂ ਦੀ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਗਈ ਸੀ।
ਇਸ ਦਰਮਿਆਨ ਵੈਕਸੀਨ ਦੀ ਘਾਟ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜਿਸ ਤੋਂ ਬਾਅਦ ਪੰਜਾਬ ਵਿੱਚ ਵੀ ਅੱਜ ਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ 18 ਤੋਂ 44 ਸਾਲ ਉਮਰ ਵਰਗ ਦੇ ਟੀਕਾਕਰਨ ਲਈ ਕੋਰੋਨਾ ਵੈਕਸੀਨ ਦੀਆਂ ਸਿਰਫ਼ 1 ਲੱਖ ਖੁਰਾਕਾਂ ਪ੍ਰਾਪਤ ਹੋਈਆਂ ਹਨ।
ਪਹਿਲੇ ਪੜਾਅ ਵਿੱਚ ਉਸਾਰੀ ਕਾਮਿਆਂ ਨੂੰ ਕਵਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ । ਇਸ ਤੋਂ ਅੱਗੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਲਿਮਟਿਡ ਨੂੰ 30 ਲੱਖ ਖੁਰਾਕਾਂ ਦਾ ਆਦੇਸ਼ ਦਿੱਤਾ ਹੈ । ਜਿਸ ਤਹਿਤ ਮਈ 2021 ਵਿੱਚ 18-44 ਸਾਲ ਉਮਰ ਵਰਗ ਲਈ 4.29 ਲੱਖ ਖ਼ੁਰਾਕਾਂ ਦੀ ਵੰਡ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਅਗਲੇ ਪੜਾਅ ਵਿੱਚ ਇਸ ਸਮੂਹ ਲਈ 70 ਪ੍ਰਤੀਸ਼ਤ ਖੁਰਾਕ ਨਿਰਧਾਰਤ ਕੀਤੀ ਗਈ ਹੈ । ਸਿਹਤ ਮੰਤਰੀ ਨੇ ਕਿਹਾ ਕਿ ਸਹਿ-ਰੋਗਾਂ ਦੀ ਸੂਚੀ ਕੇਂਦਰ ਸਰਕਾਰ ਨੇ ਨਿਰਧਾਰਤ ਕੀਤੀ ਹੈ, ਪਰ ਇਸ ਵਿੱਚ ਮੋਟਾਪਾ, ਅਪੰਗਤਾ ਅਤੇ ਹੋਰ ਬਿਮਾਰੀਆਂ ਸ਼ਾਮਿਲ ਹੋਣਗੀਆਂ। ਬਲਬੀਰ ਸਿੱਧੂ ਨੇ ਕਿਹਾ ਕਿ ਕੁਝ ਪੇਸ਼ਿਆਂ ਵਿੱਚ ਹੋਰ ਲੋਕਾਂ ਨਾਲ ਵਧੇਰੇ ਗੱਲਬਾਤ ਦੀ ਲੋੜ ਹੁੰਦੀ ਹੈ।
ਦੱਸ ਦੇਈਏ ਕਿ ਕੁਝ ਆਬਾਦੀ ਦੇ ਉੱਚ ਜ਼ੋਖਮ ਵਾਲੇ ਸਮੂਹਾਂ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਕਿੱਤੇ ਅਜਿਹੇ ਹਨ ਜਿਨ੍ਹਾਂ ਵਿੱਚ ਦੂਜੇ ਵਿਅਕਤੀਆਂ ਨਾਲ ਵਧੇਰੇ ਗੱਲਬਾਤ ਕਰਨੀ ਪੈਂਦੀ ਹੈ, ਜਿਸ ਨਾਲ ਉਨ੍ਹਾਂ ਨੂੰ ਲਾਗ ਲੱਗਣ ਅਤੇ ਫੈਲਾਅ ਦਾ ਸਭ ਤੋਂ ਵੱਧ ਜ਼ੋਖਮ ਹੁੰਦਾ ਹੈ। ਇਸ ਸਬੰਧੀ ਰਣਨੀਤੀ ਵਿੱਚ ਮਈ 2021 ਲਈ ਸਿਰਫ ਉੱਚ ਜ਼ੋਖਮ ਵਾਲੀਆਂ ਤਿੰਨ ਸ਼੍ਰੇਣੀਆਂ ਨੂੰ ਸ਼ਾਮਿਲ ਕੀਤਾ ਜਾਣਾ ਹੈ, ਜਿਨ੍ਹਾਂ ਵਿੱਚ ਸਰਕਾਰੀ ਮੁਲਾਜ਼ਮ, ਉਸਾਰੀ ਕਾਮੇ, ਅਧਿਆਪਕ ਅਤੇ ਸਰਕਾਰੀ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਦੇ ਹੋਰ ਮੁਲਾਜ਼ਮ ਸ਼ਾਮਿਲ ਹਨ।
ਇਹ ਵੀ ਦੇਖੋ: Oxygen ਦੀ ਕਿੱਲਤ ਨਾਲ ਜੂਝਣ ਵਾਲੇ ਬੱਸ ਇਹ ਨੰਬਰ ਲਾਉਣ, ਫਰੀ ਆਕਸੀਜਨ ਆਟੋ ਐਂਬੁਲੈਂਸ ਦੀ ਸ਼ੁਰੂਆਤ