ਬਾਡੀ ਬਿਲਡਰ ਵਰਿੰਦਰ ਘੁੰਮਣ ਲਈ ਅੰਤਿਮ ਅਰਦਾਸ ਵੀਰਵਾਰ ਨੂੰ ਜਲੰਧਰ ਵਿੱਚ ਕੀਤੀ ਗਈ। ਇਸ ਮੌਕੇ ਘੁੰਮਣ ਦੀ ਧੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਆਪਣੇ ਆਪ ਨੂੰ Lucky ਮਹਿਸੂਸ ਕਰਦੀ ਸੀ ਕਿ ਵਰਿੰਦਰ ਘੁੰਮਣ ਮੇਰੇ ਪਾਪਾ ਨੇ। ਪਾਪਾ, ਤੁਹਾਡੇ ਜਾਣ ਨਾਲ ਬਹੁਤ ਚੀਜ਼ਾਂ ਅਧੂਰੀਆਂ ਰਹਿ ਗਈਆਂ ਨੇ, ਹਾਲੇ ਤਾਂ ਮੈਂ ਤੁਹਾਨੂੰ ਆਪਣੇ ਪੈਸਿਆਂ ‘ਤੇ ਐਸ਼ ਕਰਵਾਉਣੀ ਸੀ, ਹੁਣ ਸਾਰਾ ਕੁਝ ਟੁੱਟਿਆ ਹੋਇਆ ਦਿੱਖਦਾ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਰੌਸ਼ਨੀ ਬਣ ਕੇ ਮੇਰੀਆਂ ਸਾਰੀਆਂ ਮੁਸ਼ਕਲਾਂ ਨੂੰ ਦੂਰ ਕਰੋਂਗੇ, ਸਿਰਫ਼ ਇਹੀ ਪਛਤਾਵਾ ਹੈ ਕਿ ਕਦੇ ਹਿੰਮਤ ਨਹੀਂ ਹੋਈ ਕਿ ਤੁਹਾਨੂੰ ਜੱਫੀ ਪਾ ਕੇ ਕਹਿ ਸਕਾਂ ਕਿ ਪਾਪਾ ਆਈ ਲਵ ਯੂ।
ਇਸ ਮੌਕੇ ਪੰਜਾਬੀ ਅਦਾਕਾਰ ਕਰਤਾਰ ਚੀਮਾ ਅਤੇ ਪਰਮਜੀਤ ਸਿੰਘ ਸੋਹੀ ਵੀ ਸ਼ਾਮਲ ਹੋਏ। ਪਰਮਜੀਤ ਸਿੰਘ ਨੇ ਕਿਹਾ ਕਿ ਘੁੰਮਣ ਪੰਜਾਬ ਦਾ ਸ਼ੇਰ ਸੀ। ਸੋਹੀ ਨੇ ਇੱਕ ਕਿੱਸਾ ਵੀ ਸੁਣਾਇਆ। ਉਨ੍ਹਾਂ ਕਿਹਾ ਕਿ ਜਦੋਂ ਘੁੰਮਣ ਪਹਿਲੀ ਵਾਰ ਮੁੰਬਈ ਆਇਆ ਸੀ ਤਾਂ ਮਰਾਠਾ ਲੋਕ ਉਸ ਨੂੰ ਦੇਖ ਕੇ ਹੈਰਾਨ ਸਨ ਅਤੇ ਸੋਚ ਰਹੇ ਸਨ ਕਿ ਇੰਨਾ ਲੰਬਾ-ਚੌੜਾ ਗਭਰੂ ਕਿੱਥੋਂ ਆ ਗਿਆ।

ਜਲੰਧਰ ਕੈਂਟ ਤੋਂ ‘ਆਪ’ ਆਗੂ ਰਾਜਵਿੰਦਰ ਤਿਹਾੜ, ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਮਹਿੰਦਰ ਸਿੰਘ ਕੇਪੀ ਵੀ ਵਰਿੰਦਰ ਘੁੰਮਣ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਸਾਬਕਾ ਸੰਸਦ ਮੈਂਬਰ ਰਿੰਕੂ ਨੇ ਕਿਹਾ ਕਿ ਉਨ੍ਹਾਂ ‘ਆਪ’ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇੱਕ ਪੈਨਲ ਬਣਾ ਕੇ ਘੁੰਮਣ ਦੀ ਮੌਤ ਦੀ ਨਿਰਪੱਖ ਜਾਂਚ ਕਰੇ ਤਾਂ ਜੋ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਮੌਤ ਦਾ ਕਾਰਨ ਜਾਣ ਸਕਣ।
ਘੁਮਾਣ ਦੇ ਪਰਿਵਾਰ ਨੇ ਇਸ ਮਾਮਲੇ ਵਿੱਚ ਇਨਸਾਫ਼ ਦੀ ਅਪੀਲ ਕੀਤੀ। ਪਰਿਵਾਰ ਦਾ ਦੋਸ਼ ਹੈ ਕਿ ਘੁੰਮਣ ਦੀ ਮੌਤ 9 ਅਕਤੂਬਰ ਨੂੰ ਹਸਪਤਾਲ ਦੀ ਲਾਪਰਵਾਹੀ ਕਾਰਨ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਪਰਿਵਾਰ ਨੇ ਸ਼ਹਿਰ ਵਿੱਚ ਇੱਕ ਕੈਂਡਲ ਮਾਰਚ ਵੀ ਕੱਢਿਆ, ਜਿਸ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਸ਼ਾਮਲ ਹੋਏ।
ਵਰਿੰਦਰ ਘੁੰਮਣ ਜਲੰਧਰ ਦੇ ਮਾਡਲ ਹਾਊਸ ਸਥਿਤ ਆਪਣੇ ਜਿਮ ਵਿੱਚ ਕਸਰਤ ਕਰ ਰਿਹਾ ਸੀ, ਜਦੋਂ ਅਚਾਨਕ ਉਸ ਦੇ ਮੋਢੇ ਦੀ ਨਸ ਦਬ ਗਈ। ਉਸਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 6 ਅਕਤੂਬਰ ਨੂੰ, ਸੱਟ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਉਸਦਾ ਜਲੰਧਰ ਵਿੱਚ MRI ਕਰਵਾਇਆ ਗਿਆ। ਵਰਿੰਦਰ ਘੁੰਮਣ ਐਮਆਰਆਈ ਰਿਪੋਰਟ ਲੈ ਕੇ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਪਹੁੰਚਿਆ। ਉਸਦੀ ਜਾਂਚ ਕੀਤੀ ਗਈ ਅਤੇ ਡਾਕਟਰਾਂ ਨੇ 9 ਅਕਤੂਬਰ ਨੂੰ ਸਰਜਰੀ ਕਰਨ ਲਈ ਕਿਹਾ।
ਇਹ ਵੀ ਪੜ੍ਹੋ : ਲੁਧਿਆਣਾ ਵਿਚ ਘਰ ‘ਚ ਲੱਗੀ ਅੱਗ, ਪਟਾਕੇ ਚਲਾਉਂਦਿਆਂ ਪਟਾਸ਼ ‘ਚ ਬਲਾਸਟ, ਕਈ ਲੋਕ ਝੁਲਸੇ
ਫੋਰਟਿਸ ਦੇ ਮੀਡੀਆ ਬੁਲੇਟਿਨ ਮੁਤਾਬਕ ਵਰਿੰਦਰ ਘੁੰਮਣ ਦੀ ਸਰਜਰੀ ਦੁਪਹਿਰ 3 ਵਜੇ ਸਫਲ ਰਹੀ। ਉਸ ਨੂੰ ਲਗਭਗ 3:35 ਵਜੇ ਦਿਲ ਦਾ ਦੌਰਾ ਪਿਆ। ਉਸ ਨੂੰ ਮੁੜ ਰਿਵਾਈਵ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਸ ਨੂੰ ਸ਼ਾਮ 5.30 ਵਜੇ ਮ੍ਰਿਤਕ ਐਲਾਨ ਦਿੱਤਾ ਗਿਆ। ਘੁੰਮਣ ਦਾ ਅੰਤਿਮ ਸੰਸਕਾਰ 10 ਅਕਤੂਬਰ ਨੂੰ ਜਲੰਧਰ ਵਿੱਚ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























