ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦੀ ਅਚਾਨਕ ਮੌਤ ਨੇ ਨਾ ਸਿਰਫ਼ ਪੰਜਾਬ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਉਹ ਬਿਮਾਰ ਸਨ, ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ, ਪਰ ਉਹ ਹਮੇਸ਼ਾ ਆਪਣੇ ਚਿਹਰੇ ‘ਤੇ ਮੁਸਕਰਾਹਟ ਰੱਖਦੇ ਸਨ। ਉਨ੍ਹਾਂ ਨੇ ਆਪਣੀ ਬਿਮਾਰੀ ਦਾ ਕਿਸੇ ਨੂੰ ਜ਼ਿਕਰ ਵੀ ਨਹੀਂ ਕੀਤਾ। ਹਾਲਾਂਕਿ, ਉਨ੍ਹਾਂ ਨੇ ਇੱਕ ਮਹੀਨੇ ਲਈ ਸਿਨੇਮਾ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਲਈ ਸੀ। ਅੱਜ, ਭਾਵੇਂ ਉਹ ਸਿਆਸਤਦਾਨ ਹੋਣ ਜਾਂ ਅਦਾਕਾਰ, ਹਰ ਪ੍ਰਸ਼ੰਸਕ ਦੁਖੀ ਹੈ। ਨਾਲ ਹੀ, ਉਹ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ-
ਮੁੱਖ ਮੰਤਰੀ ਭਗਵੰਤ ਮਾਨ ਨੇ ਕਾਮੇਡੀਅਨ ਜਸਵਿੰਦਰ ਭੱਲਾ ਦੇ ਦਿਹਾਂਤ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ “ਭੱਲਾ ਜੀ ਦੇ ਅਚਾਨਕ ਇਸ ਦੁਨੀਆਂ ਤੋਂ ਚਲੇ ਜਾਣਾ ਬੇਹੱਦ ਅਫ਼ਸੋਸਜਨਕ ਹੈ, ਛਣਕਾਟਿਆਂ ਦੀ ਛਣਕਾਰ ਬੰਦ ਹੋਣ ‘ਤੇ ਮਨ ਉਦਾਸ ਹੈ। ਵਾਹਿਗੁਰੂ ਚਰਨਾਂ ‘ਚ ਨਿਵਾਸ ਬਖਸ਼ਣ… ਚਾਚਾ ਚਤਰਾ ਹਮੇਸ਼ਾ ਸਾਡੇ ਦਿਲਾਂ ਚ ਵਸਦੇ ਰਹਿਣਗੇ।”
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮਸ਼ਹੂਰ ਕਾਮੇਡੀਅਨ ਕਲਾਕਾਰ ਅਤੇ ਵਧੀਆ ਇਨਸਾਨ ਜਸਵਿੰਦਰ ਭੱਲਾ ਜੀ ਦੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ, ਉਨ੍ਹਾਂ ਨੇ ਆਪਣੀ ਵਧੀਆ ਕਲਾਕਾਰੀ ਨਾਲ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕੀਤਾ। ਇਸ ਭੱਜ ਦੌੜ ਦੀ ਜ਼ਿੰਦਗੀ ਵਿਚ ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਵਾਲੇ ਭੱਲਾ ਜੀ ਨੂੰ ਪੰਜਾਬੀ ਹਮੇਸ਼ਾ ਯਾਦ ਕਰਨਗੇ। ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ ਅਤੇ ਪਰਿਵਾਰ ਤੇ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ।

ਪੰਜਾਬੀ ਗਾਇਕਾ ਅਮਰ ਨੂਰੀ ਅਦਾਕਾਰ ਦੇ ਦਿਹਾਂਤ ‘ਤੇ ਭਾਵੁਕ ਹੁੰਦਿਆਂ ਕਿਹਾ ਕਿ ਇਸ ਭੱਜ ਦੌੜ ਦੀ ਜਿੰਦਗੀ ‘ਚ ਲੋਕਾਂ ਦੇ ਚਿਹਰਿਆਂ ‘ਤੇ ਮੁਸਕਾਨ ਲਿਆਉਣ ਵਾਲੇ ਭੱਲਾ ਜੀ ਨੂੰ ਪੰਜਾਬੀ ਹਮੇਸ਼ਾਂ ਯਾਦ ਕਰਨਗੇ। ਉਨ੍ਹਾਂ ਕਿਹਾ ਕਿ ਭੱਲਾ ਸਾਬ੍ਹ ਦਾ Brain 100% Dead ਹੋ ਗਿਆ ਸੀ, ਸਾਡੇ ਪਰਿਵਾਰਾਂ ਦਾ ਆਪਸ ‘ਚ ਬਹੁਤ ਜ਼ਿਆਦਾ ਪਿਆਰ ਸੀ। ਸਰਦੂਲ ਜੀ ਤੋਂ ਬਾਅਦ ਭੱਲਾ ਜੀ ਤੇ ਉਨ੍ਹਾਂ ਦੀ ਪਤਨੀ ਨੇ ਮੈਨੂੰ ਬਹੁਤ ਸਹਾਰਾ ਦਿੱਤਾ, ਮੈਂ ਕਦੇ ਭੱਲਾ ਸਾਬ੍ਹ ਨੂੰ ਗੁੱਸੇ ‘ਚ ਨਹੀਂ ਦੇਖਿਆ ਸੀ, ਉਹ ਹਮੇਸ਼ਾ ਸਭ ਨੂੰ ਹਸਾਉਂਦੇ ਰਹਿੰਦੇ ਸੀ।”
ਭਾਵੁਕ ਹੋਏ ਅਦਾਕਾਰ ਗਿੱਪੀ ਗਰੇਵਾਲ ਨੇ ਕਿਹਾ ਕਿ “ਭੱਲਾ ਸਾਬ੍ਹ ਪੂਰੀ ਇੰਡਸਟਰੀ ‘ਚ ਸਾਡੇ ਲਈ ਇੱਕ ਪਿਤਾ, ਸਲਾਹਕਾਰ ਤੇ ਪ੍ਰਤਿਭਾਸ਼ਾਲੀ ਅਦਾਕਾਰ ਵਾਂਗ ਸਨ। ਉਨ੍ਹਾਂ ਦੀ ਵਿਰਾਸਤ ਉਨ੍ਹਾਂ ਦੇ ਕੰਮ ਰਾਹੀਂ ਜਿਉਂਦੀ ਰਹੇਗੀ। ਭੱਲਾ ਸਾਬ੍ਹ ਤੁਸੀਂ ਹਮੇਸ਼ਾ ਮੇਰੇ ਦਿਲ ‘ਚ ਰਹੋਗੇ।”
ਜਸਵਿੰਦਰ ਭੱਲਾ ਦੇ ਦਿਹਾਂਤ ਤੋਂ ਦੁਖੀ ਅਦਾਕਾਰਾ ਨਿਰਮਲ ਰਿਸ਼ੀ ਨੇ ਕਿਹਾ ਕਿ ਉਹ ਬਹੁਤ ਵਧੀਆ ਇਨਸਾਨ ਸੀ, ਉਸ ਨੂੰ ਆਪਣੀ ਮਾਂ ਦੀ ਬਹੁਤ ਫਿਕਰ ਰਹਿੰਦੀ ਸੀ। ਅਸੀਂ UK ‘ਚ ਇਕੱਠਿਆਂ ਫਿਲਮ ਦੀ ਸ਼ੂਟਿੰਗ ਕੀਤੀ ਸੀ। ਉਹ ਮਾਂ ਦਾ ਪੁੱਤ ਕਦੇ ਕਿਸੇ ਨਾਲ ਆਕੜ ਨਹੀਂ ਸੀ ਕਰਦਾ, ਉਹ ਹਰ ਕਿਸੇ ਨੂੰ ਹੱਸ ਕੇ ਬੁਲਾਉਂਦਾ ਸੀ।

ਅਦਾਕਾਰ ਬੀਨੂ ਢਿੱਲੋਂ ਨੇ ਭਾਵੁਕ ਹੁੰਦਿਆਂ ਕਿਹਾ ਕਿ- ਮੇਰੇ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ। ਭੱਲਾ ਜੀ ਨੇ ਸਾਨੂੰ ਸਿਰਫ਼ ਹਸਾਇਆ ਨਹੀਂ, ਸਾਨੂੰ ਜੀਵਨ ਦੀਆਂ ਸੱਚਾਈਆਂ ਹੱਸ ਕੇ ਜਿਉਣੀਆਂ ਵੀ ਸਿਖਾਈਆਂ,ਉਨ੍ਹਾਂ ਦੀਆਂ ਝਿੜਕਾਂ ਹਮੇਸ਼ਾਂ ਮੇਰੇ ਦਿਲ ਵਿੱਚ ਜਿਉਂਦੀਆਂ ਰਹਿਣਗੀਆਂ। ਭੱਲਾ ਸਾਹਿਬ ਦੀ ਯਾਦ ਸਾਡੇ ਦਿਲਾਂ ਤੋਂ ਕਦੇ ਨਹੀਂ ਮਿਟ ਸਕਦੀ।
ਇਹ ਵੀ ਪੜ੍ਹੋ : ਸ਼ੈਲਟਰ ਹੋਮ ਤੋਂ ਛੱਡੇ ਜਾਣਗੇ ਕੁੱਤੇ, ਸੁਪਰੀਮ ਕੋਰਟ ਦਾ ਅਵਾਰਾ ਕੁੱਤਿਆਂ ਨੂੰ ਲੈ ਕੇ ਵੱਡਾ ਫੈਸਲਾ
ਜਸਵਿੰਦਰ ਭੱਲਾ ਦੇ ਜਿਗਰੀ ਯਾਤਰ ਬਾਲ ਮੁਕੰਦ ਸ਼ਰਮਾ ਜਿਸ ਨਾਲ ਉਨ੍ਹਾਂ ਨੇ ਆਪਣੇ ਕਾਮੇਡੀ ਸਫਰ ਦੀ ਵੀ ਸ਼ੁਰੂਆਤ ਕੀਤੀ, ਨੇ ਕਿਹਾ ਕਿ ਜੋ ਬਾਲੀਵੁੱਡ ‘ਚ ਅਮਿਤਾਭ ਬੱਚਨ ਦਾ ਮੁਕਾਮ ਹੈ ਉਹ ਮੁਕਾਮ ਮੇਰੇ ਯਾਰ ਦਾ ਸੀ। ਇਹ ਮੁਕਾਮ ਉਨ੍ਹਾਂ ਨੇ ਆਪਣੀ ਕਾਬਲੀਅਤ ਦੇ ਸਿਰ ‘ਤੇ ਹਾਸਿਲ ਕੀਤਾ। ਭੱਲਾ ਸਾਬ੍ਹ ਨੂੰ ‘ਕੈਰੀ ਆਨ ਜੱਟਾ 4’ ਤੇ ‘ਸਰਦਾਰਜੀ 3’ ਲਈ ਆਫਰ ਆਇਆ ਸੀ, ਉਹ ਆਪਣੀ ਸਿਹਤ ਦੇ ਕਾਰਨ ਇਨ੍ਹਾਂ ਫ਼ਿਲਮਾਂ ਨੂੰ Yes ਨਹੀਂ ਕਰ ਸਕੇ । ਜੇ ਉਹ ਸਾਡੇ ‘ਚ ਹੁੰਦੇ ਤਾਂ ਉਨ੍ਹਾਂ ਨੇ ਬਹੁਤ ਸੁਪਰਹਿੱਟ ਫ਼ਿਲਮਾਂ ਦੇਣੀਆਂ ਸੀ
ਵੀਡੀਓ ਲਈ ਕਲਿੱਕ ਕਰੋ -:
























