ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਦੇਰ ਰਾਤ ਅੰਮ੍ਰਿਤਸਰ ਪਹੁੰਚੇ ਕਪੂਰਥਲਾ ਦੇ ਪਿੰਡ ਚੱਕਕੇਕੀ ਦੇ 19 ਸਾਲਾ ਨੌਜਵਾਨ ਨਿਸ਼ਾਨ ਸਿੰਘ ਨੇ ਘਰ ਪਹੁੰਚ ਕੇ ਵੱਡੇ ਖੁਲਾਸੇ ਕੀਤੇ ਹਨ। ਉਸ ਦੇ ਪਰਿਵਾਰ ਨੇ ਲੱਖਾਂ ਰੁਪਏ ਖਰਚ ਕੇ ਉਸ ਨੂੰ ਅਮਰੀਕਾ ਭੇਜਿਆ ਸੀ। ਅਮਰੀਕਾ ਵੱਲੋਂ ਡਿਪੋਰਟ ਹੋ ਕੇ ਹੁਣ ਉਹ ਸਵੇਰੇ ਆਪਣੇ ਪਿੰਡ ਚੱਕਕੇਕੀ ਪਰਤ ਆਇਆ ਹੈ। ਢਿਲਵਾਂ ਥਾਣੇ ਦੇ ਐਸਐਚਓ ਮਨਜੀਤ ਸਿੰਘ ਦੀ ਅਗਵਾਈ ਵਿੱਚ ਨਿਸ਼ਾਨ ਸਿੰਘ ਨੂੰ ਉਸਦੇ ਘਰ ਪਹੁੰਚ ਕੇ ਵਾਰਸਾਂ ਹਵਾਲੇ ਕਰ ਦਿੱਤਾ ਗਿਆ।
ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਉੱਜਵਲ ਭਵਿੱਖ ਲਈ 23 ਜੂਨ 2022 ਨੂੰ ਫਰਾਂਸ ਗਿਆ ਸੀ। ਬਾਅਦ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਨੇ ਫਰਾਂਸ ਤੋਂ ਸਿੱਧੇ ਅਮਰੀਕਾ ਜਾਣ ਲਈ ਇੱਕ ਏਜੰਟ ਨਾਲ 35 ਲੱਖ ਰੁਪਏ ਵਿੱਚ ਗੱਲਬਾਤ ਕੀਤੀ। ਜ਼ਮੀਨ ‘ਤੇ ਕਰਜ਼ਾ ਲੈ ਕੇ ਸੋਨਾ ਵੇਚਣ ਤੋਂ ਬਾਅਦ ਉਸ ਨੇ ਏਜੰਟ ਨੂੰ ਕਰੀਬ 17 ਲੱਖ ਰੁਪਏ ਨਕਦ ਦਿੱਤੇ ਅਤੇ ਬਾਕੀ ਪੈਸੇ ਵੱਖ-ਵੱਖ ਖਾਤਿਆਂ ‘ਚ ਜਮ੍ਹਾ ਕਰਵਾ ਦਿੱਤੇ।
24 ਜੂਨ, 2024 ਨੂੰ ਉਹ ਫਰਾਂਸ ਤੋਂ ਅਮਰੀਕਾ ਲਈ ਰਵਾਨਾ ਹੋਇਆ। ਉਸ ਨੇ ਦੱਸਿਆ ਕਿ ਏਜੰਟ ਨੇ ਅਮਰੀਕਾ ਲਈ ਸਿੱਧੀ ਫਲਾਈਟ ਦਾ ਇੰਤਜ਼ਾਮ ਨਹੀਂ ਕੀਤਾ, ਸਗੋਂ ਸਾਨੂੰ ਡੌਂਕੀ ਰਾਹੀਂ ਜੰਗਲ ਵਿਚ ਲੈ ਗਿਆ ਅਤੇ ਰਸਤੇ ਵਿਚ ਪੈਸਿਆਂ ਦੀ ਮੰਗ ਵੀ ਕੀਤੀ। ਉਸ ਨੂੰ ਇੱਕ ਟੈਂਕਰ ‘ਤੇ ਬਿਠਾ ਕੇ ਭੇਜਿਆ ਗਿਆ। ਡੌਂਕੀ ਦੇ ਰਾਹ ‘ਤੇ ਉਸ ਨੂੰ ਇੱਕ ਪੈਰ ਵਿਚ ਸੱਟ ਲੱਗ ਗਈ, ਜਿਸ ਦਾ ਡੌਂਕਰਾਂ ਨੇ ਕੋਈ ਇਲਾਜ ਨਹੀਂ ਕੀਤਾ। ਉਸ ਨੇ ਦੱਸਿਆ ਕਿ ਡੌਂਕਰ ਸਾਡੀਆਂ ਲੱਤਾਂ ‘ਤੇ ਕਰੰਟ ਵੀ ਲਾਉਂਦੇ ਸਨ, ਬਿਨਾਂ ਗਾਲ੍ਹਾਂ ਦੇ ਉਹ ਗੱਲ ਨਹੀਂ ਕਰਦੇ ਸਨ।
ਇਹ ਵੀ ਪੜ੍ਹੋ : ‘ਪੱਗ ਲਾਹ ਕੇ ਡਸਟਬਿਨ ‘ਚ ਸੁੱਟ ਦਿੱਤੀ’, USA ਤੋਂ ਡਿਪੋਰਟ ਹੋ ਕੇ ਆਏ ਸਿੱਖ ਮੁੰਡੇ ਦਾ ਖੁਲਾਸਾ
ਵੱਖ-ਵੱਖ ਦੇਸ਼ਾਂ ਵਿੱਚੋਂ ਲੰਘ ਕੇ ਉਹ 24 ਜਨਵਰੀ 2025 ਨੂੰ ਅਮਰੀਕੀ ਕੈਂਪ ਵਿੱਚ ਦਾਖ਼ਲ ਹੋਇਆ। ਅਮਰੀਕਨ ਕੈਂਪ ਦੇ ਹਾਲਾਤ ਵੀ ਖਰਾਬ ਸਨ, ਉੱਥੇ ਵੀ ਉਸ ਨਾਲ ਮਾਰ-ਕੁੱਟ ਕੀਤੀ ਗਈ। ਅਮਰੀਕੀ ਕੈਂਪ ਵਿੱਚ ਮੌਜੂਦ ਪਾਕਿਸਤਾਨੀ ਅਨੁਵਾਦਕ ਨੇ ਉਨ੍ਹਾਂ ਨੂੰ ਦੱਸਿਆ ਕਿ ਹੁਣ ਉਨ੍ਹਾਂ ਨੂੰ ਭਾਰਤ ਭੇਜਿਆ ਜਾ ਰਿਹਾ ਹੈ। ਨਿਸ਼ਾਨ ਸਿੰਘ ਦੀ ਮਾਤਾ ਬਲਵਿੰਦਰ ਕੌਰ ਅਤੇ ਸਮੂਹ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
