Awareness campaign occasion: ਕਪੂਰਥਲਾ, 26 ਜੂਨ : ਸ਼ਹੀਦ-ਏ-ਆਜ਼ਮ ਭਗਤ ਸਿੰਘ ਯੂਥ ਕਲੱਬ ਕਪੂਰਥਲਾ ਵੱਲੋਂ ਸਿਟੀ ਹਾਲ ਮਾਰਕੀਟ ਵਿਖੇ ਪ੍ਰਧਾਨ ਰਿੰਕੂ ਕਾਲੀਆ ਦੀ ਪ੍ਰਧਾਨਗੀ ਹੇਠ ਨਸ਼ਾਖੋਰੀ ਅਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮੌਕੇ ਜਾਗਰੂਕਤਾ ਅਭਿਆਨ ਚਲਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਗੁਰਮੁਖ ਸਿੰਘ ਢੋਡ ਅਤੇ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਗੁਰਬਚਨ ਸਿੰਘ ਨੇ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕੀਤਾ। ਗੁਰਮੁਖ ਸਿੰਘ ਢੋਡ ਨੇ ਨਸ਼ਿਆਂ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਬਚਾਅ ਦੇ ਨਾਲ-ਨਾਲ ਸਾਨੂੰ ‘ਮਿਸ਼ਨ ਫ਼ਤਿਹ’ ਤਹਿਤ ਕੋਰੋਨਾ ਮਹਾਂਮਾਰੀ ਪ੍ਰਤੀ ਵੀ ਜਾਗਰੂਕ ਰਹਿਣਾ ਪਵੇਗਾ। ਉਨਾਂ ਕਿਹਾ ਕਿ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਇਸ ਬਿਮਾਰੀ ਤੋਂ ਬਚਾਅ ਲਈ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਅਤੇ ਸਾਨੂੰ ਆਪਣੇ, ਆਪਣੇ ਪਰਿਵਾਰ ਅਤੇ ਸਮਾਜ ਦੀ ਸੁਰੱਖਿਆ ਲਈ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਗੁਰਬਚਨ ਸਿੰਘ ਨੇ ਇਸ ਮੌਕੇ ਕਿਹਾ ਕਿ ਸਾਨੂੰ ਆਪਣੀ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਗੰਭੀਰ ਹੋਣਾ ਪਵੇਗਾ। ਉਨਾਂ ਕਿਹਾ ਕਿ ਨਸ਼ਿਆਂ ਨਾਲ ਘਰ ਤਬਾਹ ਹੋਣ ਤੋਂ ਬਚਾਉਣ ਲਈ ਸਾਨੂੰ ਸਭਨਾਂ ਨੂੰ ਮਿਲ ਕੇ ਹੰਭਲਾ ਮਾਰਨਾ ਹੋਵੇਗਾ। ਉਨਾਂ ਕਿਹਾ ਕਿ ਸਾਨੂੰ ਨਸ਼ੇ ਦਾ ਵਿਰੋਧ ਕਰਨਾ ਚਾਹੀਦਾ ਹੈ, ਨਸ਼ਾ ਪੀੜਤਾਂ ਦਾ ਨਹੀਂ। ਉਨਾਂ ਕਿਹਾ ਨਸ਼ਾ ਪੀੜਤਾਂ ਨਾਲ ਹਮਦਰਦੀ ਵਾਲਾ ਰਵੱਈਆ ਅਪਣਾ ਕੇ ਸਾਨੂੰ ਉਨਾਂ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਹੋਣ ਵਿਚ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਏ. ਐਸ. ਆਈ ਸੰਜੀਵ ਸ਼ਰਮਾ, ਅਮਦੀਪ ਗੋਲਡੀ, ਵਿਸ਼ੂ ਸ਼ਰਮਾ, ਦੀਪਕ ਹੰਸ, ਸੰਦਪੀ ਕਸ਼ਅੱਪ, ਨਵਨੀਤ ਅਰੋੜਾ, ਰੋਹਿਤ ਸਹਿਗਲ, ਮਲਕੀਤ, ਸੰਨੀ ਕਸ਼ਅੱਪ ਆਦਿ ਹਾਜ਼ਰ ਸਨ।