District Red Cross: ਕਪੂਰਥਲਾ: ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਅਤੇ ਇਸ ਤੋਂ ਬਚਾਅ ਦੇ ਮਕਸਦ ਨਾਲ ਜ਼ਿਲਾ ਰੈੱਡ ਕਰਾਸ ਸੁਸਾਇਟੀ ਵੱਲੋਂ ਇਕ ਵਿਸ਼ੇਸ਼ ਉਪਰਾਲੇ ਤਹਿਤ ਜ਼ਿਲਾ ਪ੍ਰਬੰਧਕੀ ਕੰਪਲੈਕਸ ਲਈ 10 ਸੈਨੀਟਾਈਜ਼ਰ ਸਟੈਂਡ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੂੰ ਭੇਟ ਕੀਤੇ ਗਏ। ਇਹ ਸੈਨੀਟਾਈਜ਼ਰ ਸਟੈਂਡ ਕੰਪਲੈਕਸ ਵਿਚਲੀਆਂ ਲਿਫਟਾਂ ਅਤੇ ਐਂਟਰੀ ਸਥਾਨਾਂ ’ਤੇ ਲਗਾਏ ਜਾਣਗੇ, ਤਾਂ ਜੋ ਇਥੇ ਆਉਣ ਵਾਲਾ ਹਰੇਕ ਵਿਅਕਤੀ ਆਪਣੇ ਹੱਥਾਂ ਨੂੰ ਸੈਨੀਟਾਈਜ਼ ਕਰ ਸਕੇ। ਇਹ ਸਟੈਂਡ ਭੇਟ ਕਰਦਿਆਂ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ੍ਰੀ ਆਰ. ਸੀ ਬਿਰਹਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਜਨਤਾ ਨੂੰ ਸੁਰੱਖਿਅਤ ਰੱਖਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ, ਜਿਹੜੇ ਕਿ ਰੈੱਡ ਕਰਾਸ ਸੁਸਾਇਟੀ ਦੇ ਪ੍ਰਧਾਨ ਵੀ ਹਨ, ਦੀ ਰਹਿਨੁਮਾਈ ਹੇਠ ਇਸ ਨੇਕ ਕਾਰਜ ਨੂੰ ਅੰਜਾਮ ਦਿੱਤਾ ਗਿਆ ਹੈ।
ਉਨਾਂ ਕਿਹਾ ਕਿ ਪੈਰਾਂ ਨਾਲ ਆਪਰੇਟ ਹੋਣ ਵਾਲੇ ਇਨਾਂ ਸੈਨੀਟਾਈਜ਼ਰ ਸਟੈਂਡਾਂ ਦੀ ਇਸ ਵੇਲੇ ਇਥੇ ਬੇਹੱਦ ਲੋੜ ਸੀ, ਕਿਉਂਕਿ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਆਪਣੇ ਕੰਮਾਂ ਲਈ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਆਉਂਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਐਸ. ਪੀ ਆਂਗਰਾ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਨਾਇਬ ਤਹਿਸੀਲਦਾਰ ਢਿਲਵਾਂ ਸ੍ਰੀ ਰਾਜੀਵ ਖੋਸਲਾ, ਸ੍ਰੀ ਸਤਬੀਰ ਸਿੰਘ, ਸ. ਦਵਿੰਦਰ ਪਾਲ ਸਿੰਘ ਆਹੂਜਾ ਤੇ ਹੋਰ ਹਾਜ਼ਰ ਸਨ।