Donating blood: ਜਲੰਧਰ : ‘ਮਿਸ਼ਨ ਫ਼ਤਿਹ’ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵਲੋਂ ਖੂਨਦਾਨ ਕਰਨਾ ਮਨੁੱਖਤਾ ਦੀ ਸੱਚੀ ਸੇਵਾ ਕਰਾਰ ਦਿੰਦਿਆਂ ਕਿਹਾ ਗਿਆ ਇਸ ਨਾਲ ਲੱਖਾਂ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਵਿਸ਼ਵ ਖੂਨਦਾਨ ਦਿਵਸ ਮੌਕੇ ਰੈਡ ਕਰਾਸ ਭਵਨ ਵਿਖੇ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਉਪਰੰਤ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੂਨਦਾਨ ਕਰਨ ਵਾਲੇ ਅਸਲ ਵਿੱਚ ਮਹਾਨ ਨਾਇਕ ਹਨ ਜੋ ਲੋੜਵੰਦ ਲੋਕਾਂ ਦੀ ਸਹਾਇਤਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਖੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਪੈਦਾ ਹੋਏ ਹਲਾਤਾਂ ਦੇ ਮੱਦੇਨਜ਼ਰ ਇਸ ਨੇਕ ਕਾਰਜ ਵਿੱਚ ਭਾਗੀਦਾਰ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਦੇਸ਼ ਵਿੱਚ ਬਲੱਡ ਬੈਂਕਾਂ ਨੂੰ ਮਜਬੂਤ ਕਰਕੇ ਦੇਸ਼ ਨੂੰ ਤੰਦਰੁਸਤ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਅਤੇ ਹਰ ਵਿਅਕਤੀ ਇਸ ਵਿੱਚ ਯੋਗਦਾਨ ਪਾ ਕੇ ਕਈ ਕੀਮਤੀ ਜਾਨਾਂ ਬਚਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਨੌਜਵਾਨ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਹਰ ਖੂਨਦਾਨੀ ਸਮਾਜ ਦਾ ਸੱਚਾ ਹੀਰੋ ਹੈ ਕਿਉਂਕਿ ਉਹ ਹਰ ਤਿੰਨ ਮਹੀਨੇ ਬਾਅਦ ਨਿਯਮਤ ਤੌਰ ’ਤੇ ਖੂਨਦਾਨ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਹੋਰਨਾਂ ਨੂੰ ਵੀ ਸਵੈ ਇੱਛਤ ਤੌਰ ’ਤੇ ਖੂਨਦਾਨੀ ਬਣਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਲੋੜ ਸਮੇਂ ਅਤੇ ਹੰਗਾਮੀ ਹਲਾਤਾਂ ਵਿੱਚ ਲੋੜੀਂਦਾ ਖੂਨ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵਲੋਂ ਖੂਨਦਾਨੀਆਂ ਨਾਲ ਗੱਲਬਾਤ ਵੀ ਕੀਤੀ ਗਈ ਅਤੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਵੀ ਸੌਂਪੇ ਗਏ। ਇਸ ਮੌਕੇ ਅਸਟੇਟ ਅਫ਼ਸਰ ਜਲੰਧਰ ਵਿਕਾਸ ਅਥਾਰਟੀ ਨਵਨੀਤ ਕੌਰ ਬੱਲ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸੁਰਜੀਤ ਲਾਲ, ਰੈਡ ਕਰਾਸ ਸਕੱਤਰ ਇੰਦਰਜੀਤ ਸਿੰਘ ਮਿਨਹਾਸ ਅਤੇ ਹੋਰ ਵੀ ਹਾਜ਼ਰ ਸਨ।