Fourteen areas in mirco containment : ਜਲੰਧਰ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਡਿਪਟੀ ਮੈਜਿਸਟ੍ਰੇਟ ਘਨਸ਼ਿਆਮ ਥੋਰੀ ਵੱਲੋਂ ਜ਼ਿਲੇ ਵਿਚ ਨਵੇਂ ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਵਿਚ ਦਿਹਾਤੀ ਖੇਤਰ ਵਿਚ ਛੇ ਅਤੇ ਸ਼ਹਿਰੀ ਖੇਤਰ ਵਿਚ ਅੱਠ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੇ ਗਏ ਹਨ। ਦੱਸਣਯੋਗ ਹੈ ਕਿ ਸ਼ਹਿਰਾਂ ਵਿਚ ਜਿਨ੍ਹਾਂ ਇਲਾਕਿਆਂ ਵਿਚ ਪੰਜ ਤੋਂ ਵੱਧ ਮਰੀਜ਼ ਹਨ ਉਨ੍ਹਾਂ ਨੂੰ ਮਾਈਕ੍ਰੋ ਕੰਟੇਨਮੈਂਟ ਦੀ ਸੂਚੀ ਵਿਚ ਰਖਿਆ ਗਿਆ ਹੈ, ਜਿਨ੍ਹਾਂ ਵਿਚ ਪੰਜ-ਪੰਜ ਮਰੀਜ਼ਾਂ ਵਾਲੇ ਰਾਣੀ ਬਾਗ, ਰਾਮ ਬਾਗ, ਠਾਕੁਰ ਕਾਲੋਨੀ, ਅਟਵਾਲ ਹਾਊਸ ਤੇ ਈਸ਼ਾ ਨਗਰ, ਛੇ ਮਰੀਜ਼ਾਂ ਵਾਲੇ ਸ਼ਹੀਦ ਭਗਤ ਸਿੰਘ ਨਗਰ ਤੇ ਕਾਜ਼ੀ ਮੁਹੱਲਾ ਅਤੇ ਅੱਠ ਮਰੀਜ਼ਾਂ ਵਾਲੇ ਕਟਾੜਾ ਮੁਹੱਲਾ ਬਸਤੀ ਬਾਵਾ ਖੇਲ ਸ਼ਾਮਲ ਹਨ।
ਜਦਕਿ 16 ਕੋਰੋਨਾ ਮਰੀਜ਼ਾਂ ਵਾਲੇ ਫਤਿਹਪੁਰ, ਕਿਸ਼ਨਪੁਰਾ ਅਤੇ 30 ਮਰੀਜ਼ਾਂ ਵਾਲੇ ਮਖਦੂਮਪੁਰਾ ਨੂੰ ਕੰਟੇਨਮੈਂਟ ਜ਼ੋਨ ਵਿਚ ਸ਼ਾਮਲ ਕੀਤਾ ਗਿਆ ਹੈ। ਦਿਹਾਤੀ ਇਲਾਕੇ ਵਿਚ ਦਸ ਮਰੀਜ਼ਾਂ ਵਾਲੇ ਕਰਤਾਰਪੁਰ ਦੇ ਅਮਰ ਨਗਰ, ਪੰਜ-ਪੰਜ ਮਰੀਜ਼ਾਂ ਵਾਲੇ ਕਰਤਾਰਪੁਰ ਦੇ ਰੋਜ਼ ਪਾਰਕ ਤੇ ਨੱਥੋਵਾਲ, ਅੱਠ ਮਰੀਜ਼ ਵਾਲੇ ਸਮਰਾਏ ਜੰਡਿਆਲਾ, 13 ਕੋਰੋਨਾ ਮਰੀਜ਼ ਵਾਲੇ ਭੋਗਪੁਰ ਦੇ ਅਰੋੜਾ ਮੁਹੱਲਾ ਤੇ ਸੱਤ ਮਰੀਜ਼ਾਂ ਵਾਲੇ ਭੋਗਪੁਰ ਦੇ ਦਸਮੇਸ਼ ਨਗਰ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿਚ ਸ਼ਾਮਲ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਇਨ੍ਹਾਂ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਰਖਿਆ ਜਾਵੇਗਾ। ਪੁਲਿਸ, ਸਿਵਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਵੱਲੋਂ ਦਿਨ ਵਿਚ ਰੋਜ਼ਾਨਾ ਇਨ੍ਹਾਂ ਇਲਾਕਿਂ ਵਿਚ ਚੈਕਿੰਗ ਕੀਤੀ ਜਾਵੇਗੀ। ਇਹ ਟੀਮਾਂ ਸਬੰਧਤ ਐਸਡੀਐਮ ਤੇ ਏਸੀਪੀ ਦੀ ਨਿਗਰਾਨੀ ਵਿਚ ਕੰਮ ਕਰਨਗੀਆਂ। ਪੁਲਿਸ ਨੂੰ ਇਥੇ ਕਰਫਿਊ ਵਰਗੀ ਸਖਤੀ ਰਖਣ ਦੇ ਹੁਕਮ ਦਿੱਤੇ ਗਏ ਹਨ।