Seven dengue larvae: ਜਲੰਧਰ 22 ਜੂਨ 2020: ਸੂਬਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਫ਼ਤਿਹ’ ਤਹਿਤ ਲੋਕਾਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਾਫ਼ ਸਫ਼ਾਈ ਰੱਖਣ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ ਜਾ ਰਿਹਾ ਹੈ ਜਿਸ ਦੀ ਕੜੀ ਵਜੋਂ ਅੱਜ ਸਿਹਤ ਵਿਭਾਗ ਵਲੋ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ।
ਐਪੀਡੀਮੋਲੋਜਿਸਟ ਡਾ.ਸਤੀਸ਼ ਕੁਮਾਰ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈਲ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਸੱਤ ਡੇਂਗੂ ਲਾਰਵਾ ਦੀ ਪਹਿਚਾਣ ਕੀਤੀ ਗਈ। ਲਾਰਵਾ ਵਿਰੋਧੀ ਸੈਲ ਜਿਸ ਵਿੱਚ ਸੁਮਿਤ, ਕਮਲਦੀਪ, ਜਸਵਿੰਦਰ, ਵਿਨੋਦ ਕੁਮਾਰ, ਰਾਜ ਕੁਮਾਰ, ਡੇਵਿਡ ਮਸੀਹ, ਤਰਲੋਚਨ ਰਾਮ ਅਤੇ ਹੋਰ ਸ਼ਾਮਿਲ ਸਨ ਵਲੋਂ ਜਸਵੰਤ ਨਗਰ, ਦੀਪ ਨਗਰ ਅਤੇ ਬਾਰਾਂਦਰੀ ਦੀ ਜਾਂਚ ਕੀਤੀ ਗਈ।
ਜਾਂਚ ਦੌਰਾਨ ਟੀਮਾਂ ਵਲੋਂ 112 ਘਰਾਂ ਦਾ ਦੌਰਾ ਕਰਕੇ 496 ਲੋਕਾਂ ਨੂੰ ਕਵਰ ਕੀਤਾ ਗਿਆ ਅਤੇ 37 ਕੂਲਰਾਂ ਅਤੇ 243 ਫਾਲਤੂ ਚੀਜਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਡਾ.ਸਤੀਸ਼ ਕੁਮਾਰ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਥਾਵਾਂ ’ਤੇ ਮੱਛਰਾਂ ਵਲੋਂ ਡੇਂਗੂ ਲਾਰਵਾ ਪੈਦਾ ਕੀਤਾ ਜਾਂਦਾ ਹੈ ਜਿਸ ਨਾਲ ਡੇਂਗੂ,ਮਲੇਰੀਆ ਆਦਿ ਵਰਗੀਆਂ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਜਾਂਚ ਦਾ ਮੁੱਖ ਮੰਤਵ ਡੇਂਗੂ ਲਾਰਵਾ ਦੇ ਪੈਦਾ ਹੋਣ ਵਾਲੇ ਸਥਾਨਾਂ ਦੀ ਪਹਿਚਾਣ ਕਰਨਾ ਹੈ।