Dozens of youths : ਪਠਾਨਕੋਟ : ਸੂਬੇ ‘ਚ ਕ੍ਰਾਈਮ ਦੀਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ। ਇੰਝ ਜਾਪਦਾ ਹੈ ਕਿ ਨੌਜਵਾਨਾਂ ਦੇ ਮਨ ‘ਚ ਪੁਲਿਸ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੂੰ ਕਾਨੂੰਨ ਦਾ ਵੀ ਰੱਤਾ ਭਰ ਡਰ ਨਹੀਂ। ਅਜਿਹੀ ਹੀ ਵਾਰਦਾਤ ਪਠਾਨਕੋਟ ਵਿਖੇ ਵਾਪਰੀ ਜਿਥੇ ਗਸ਼ਤ ਕਰ ਰਹੀ ਪੁਲਿਸ ਮੁਲਾਜ਼ਮਾਂ ‘ਤੇ ਲਗਭਗ ਦਰਜਨ ਕੁ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ASI ਦਲੀਪ ਸਿੰਘ ਹੋਮਗਾਰਡ ਤੇ ਕਮਲ ਕੁਮਾਰ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ।
ਜਾਣਕਾਰੀ ਦਿੰਦਿਆਂ SHO ਤਾਰਾਗੜ੍ਹ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਗਸ਼ਤ ਕਰ ਰਹੀ ਸੀ ਤੇ ਸਾਡੀ ਡਿਊਟੀ ਪਰਮਾਨੰਦ ਵਿਖੇ ਲੱਗੀ ਹੋਈ ਸੀ ਜਿਥੇ ਕੁਝ ਨੌਜਵਾਨ ਖੜ੍ਹੇ ਹੋਏ ਸਨ। ਪੁਲਿਸ ਮੁਲਾਜ਼ਮਾਂ ਨੇ ਜਦੋਂ ਉਨ੍ਹਾਂ ਨੌਜਵਾਨਾਂ ਤੋਂ ਉਥੇ ਖੜ੍ਹੇ ਹੋਣ ਦਾ ਕਾਰਨ ਪੁੱਛਿਆ ਤਾਂ ਉਹ ਕੋਈ ਜਵਾਬ ਤਾਂ ਨਹੀਂ ਦੇ ਸਕੇ ਸਗੋਂ ਉਲਟਾ ਉਹ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਕਰਨ ਲੱਗੇ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਸਾਡੇ ਦੋ ਪੁਲਿਸ ਮੁਲਾਜ਼ਮ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਹਮਲਾ ਕਰਨ ਵਾਲੇ ਲਗਭਗ 11 ਕੁ ਵਿਅਕਤੀ ਸਨ ਜਿਨ੍ਹਾਂ ‘ਚੋਂ 7 ਦੀ ਪਛਾਣ ਕਰ ਲਈ ਗਈ ਹੈ 3 ਨੂੰ ਫੜ ਲਿਆ ਗਿਆ ਹੈ ਤੇ ਬਾਕੀ ਹਮਲਾਵਰ ਫਰਾਰ ਦੱਸੇ ਜਾ ਰਹੇ ਹਨ। ਫੜੇ ਗਏ ਦੋਸ਼ੀਆਂ ਤੋਂ ਪੁਲਿਸ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਵੀ ਫੜ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।