ਪੰਜਾਬ ‘ਚ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਸੂਬੇ ‘ਚ ਬਿਜਲੀ ਦਾ ਮੁੱਦਾ ਇੱਕ ਅਹਿਮ ਮਸਲਾ ਬਣਿਆ ਹੋਇਆ ਹੈ। ਪਰ ਇਸ ਦੌਰਾਨ ਬਿਜਲੀ ਵਿਭਾਗ ਦਾ ਇੱਕ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੂੰ ਸੁਨ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।
ਦਰਅਸਲ ਮੋਰਿੰਡਾ ਸ਼ਹਿਰ ਦੀ ਰਹਿਣ ਵਾਲੀ ਇੱਕ ਬਜ਼ੁਰਗ ਵਿਧਵਾ ਦੇ ਘਰ 86 ਲੱਖ ਰੁਪਏ ਤੋਂ ਉਪਰ ਦਾ ਬਿਜਲੀ ਬਿੱਲ ਆਇਆ ਹੈ, ਬਿਜਲੀ ਦੇ ਬਿੱਲ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਖਿਸਕ ਗਈ। ਵਾਰਡ ਨੰਬਰ 8 ਦੀ ਬਜ਼ੁਰਗ ਗੁਰਦੇਵ ਕੌਰ ਨੇ ਦੱਸਿਆ ਕਿ ਬਿਜਲੀ ਦਾ ਮੀਟਰ ਉਨ੍ਹਾਂ ਦੇ ਪਤੀ ਅਜਮੇਰ ਸਿੰਘ ਦੇ ਨਾਂ ’ਤੇ ਲੱਗਿਆ ਹੋਇਆ ਹੈ, ਜਿਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਘਰ ਦਾ ਬਿਜਲੀ ਬਿੱਲ 86,70,110 ਰੁਪਏ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ ਰਿਕਸ਼ਾ ਚਲਾਉਂਦਾ ਸੀ ਅਤੇ ਹੁਣ ਉਨ੍ਹਾਂ ਦਾ ਲੜਕਾ ਪ੍ਰਾਈਵੇਟ ਤੌਰ ‘ਤੇ ਕੰਮ ਕਰਦਾ ਹੈ। ਇਹ ਬਿੱਲ 4 ਫਰਵਰੀ 2022 ਤੱਕ ਭਰਿਆ ਜਾਣਾ ਹੈ।
ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਸਿਰਫ਼ ਦੋ ਕਮਰੇ ਹਨ ਅਤੇ ਲੱਖਾਂ ਰੁਪਏ ਦਾ ਬਿਜਲੀ ਬਿੱਲ ਆਉਣਾ ਹੈਰਾਨੀ ਵਾਲੀ ਗੱਲ ਹੈ। ਕਦੇ ਘਰ ਦਾ ਬਿਜਲੀ ਦਾ ਬਿੱਲ ਇੰਨਾ ਨਹੀਂ ਆਇਆ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਜਲੀ ਮੀਟਰ ਦੀ ਰੀਡਿੰਗ ਵਿੱਚ ਜੋ ਵੀ ਗਲਤੀ ਹੋਈ ਹੈ, ਉਸ ਨੂੰ ਠੀਕ ਕਰਕੇ ਬਿਜਲੀ ਦਾ ਬਿੱਲ ਭੇਜਿਆ ਜਾਵੇ।
ਇਸ ਸਬੰਧੀ ਬਿਜਲੀ ਵਿਭਾਗ ਦੇ ਐਸ.ਡੀ.ਓ ਸਤਪ੍ਰੀਤ ਨੇ ਕਿਹਾ ਕਿ ਤਕਨੀਕੀ ਗਲਤੀ ਕਾਰਨ ਬਿੱਲ ਵੱਧ ਆਇਆ ਹੋਵੇਗਾ। ਨਿੱਜੀ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਹੀ ਖਪਤਕਾਰਾਂ ਨੂੰ ਬਿੱਲ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਵੱਲੋਂ ਬਿੱਲ ਵੰਡਣ ਵਾਲਿਆਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਜੇਕਰ ਅਜਿਹਾ ਕੋਈ ਬਿੱਲ ਸਾਹਮਣੇ ਆਉਂਦਾ ਹੈ ਤਾਂ ਉਨ੍ਹਾਂ ਨੂੰ ਦਫ਼ਤਰ ਵਿੱਚ ਲਿਆਂਦਾ ਜਾਵੇ ਅਤੇ ਠੀਕ ਕਰਕੇ ਦੁਬਾਰਾ ਖਪਤਕਾਰ ਨੂੰ ਦਿੱਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: