ਕੁਝ ਸਮਾਂ ਕਸ਼ਮੀਰ ’ਚ ਰਹਿਣ ਉਪਰੰਤ ਗੁਰੂ ਜੀ ਵਾਪਸ ਬਾਰਾਮੂਲਾ ਹੁੰਦੇ ਹੋਏ ਪੰਜਾਬ ’ਚ ਆ ਗਏ। ਇੱਥੋਂ ਗੁਜਰਾਤ ਪਹੁੰਚ ਕੇ ਆਪ ਜੀ ਨੇ ਉੱਥੇ ਵਿਚਾਰ ਗੋਸਟੀਆਂ ਕੀਤੀਆਂ ਤੇ ਡਰੀ ਹੋਈ ਜਨਤਾ ਨੂੰ ਹੌਂਸਲਾ ਬਖ਼ਸ਼ਿਆ। ਸੈਂਕੜੇ ਹਿੰਦੂ ਤੇ ਮੁਸਲਮਾਨ ਸਿੱਖ ਬਣ ਗਏ। ਇੱਥੇ ਆਪ ਨੂੰ ਪ੍ਰਸਿਧ ਫ਼ਕੀਰ ਸ਼ਾਹ ਦੌਲਾ ਮਿਲਿਆ। ਗੁਰੂ ਜੀ ਦੇ ਮੀਰੀ ਤੇ ਪੀਰੀ ਵਾਲਾ ਠਾਠ-ਬਾਠ ਵੇਖ ਕੇ ਉਨ੍ਹਾਂ ਸਾਹਮਣੇ 4 ਸਵਾਲ ਕੀਤੇ। ਉਨ੍ਹਾਂ ਪੁੱਛਿਆ ਕਿ ਹਿੰਦੂ ਤੇ ਫਕੀਰੀ ਕੀ ਹੈ। ਔਰਤ ਤੇ ਪੀਰੀ ਕੀ ਹੈ। ਪੁੱਤਰ ਤੇ ਵੈਰਾਗ ਕੀ ਹੈ ਤੇ ਦੌਲਤ ਤੇ ਤਿਆਗ ਕੀ ਹੈ।
ਗੁਰੂ ਜੀ ਦਾ ਜਵਾਬ ਸੀ ਕਿ ਇਨਸਾਨ ਲਈ ਔਰਤ ਉਸ ਦੇ ਆਚਰਨ ਨੂੰ ਸੰਭਾਲਦੀ ਹੈ, ਪੁੱਤਰ ਉਸ ਦੀ ਯਾਦਗਾਰ ਕਾਇਮ ਰੱਖਦੇ ਹਨ, ਧਨ-ਦੌਲਤ ਉਸ ਦੇ ਗੁਜ਼ਾਰੇ ਵਾਸਤੇ ਜ਼ਰੂਰੀ ਹੈ ਤੇ ਫ਼ਕੀਰ ਤਾਂ ਰੱਬ ਦਾ ਪਿਆਰਾ ਹੈ, ਨਾ ਕਿ ਸਮਾਜਿਕ ਫ਼ਿਰਕਾ ਆਧਾਰਿਤ ਹਿੰਦੂ ਜਾਂ ਮੁਸਲਮਾਨ। ਗੁਰੂ ਜੀ ਤੋਂ ਇਹ ਜਵਾਬ ਸੁਣ ਕੇ ਵੰਸ਼ ਵਿਹੂਣੇ ਫ਼ਕੀਰ ਸ਼ਾਹ ਦੌਲਾ ਜੀ ਦੀਆਂ ਅੱਖਾਂ ਖੁੱਲ੍ਹ ਗਈਆਂ।
ਇੱਕ ਦਿਨ ਗੁਰੂ ਜੀ ਸ਼੍ਰੀ ਨਗਰ (ਕਸ਼ਮੀਰ) ਵਿਖੇ ਸ਼ਸਤਰ ਪਹਿਨ ਕੇ ਘੋੜੇ ਉੱਤੇ ਸਵਾਰ ਹੋ ਕੇ ਸ਼ਿਕਾਰ ਖੇਡਣ ਲਈ ਗਏ ਤੇ ਰਸਤੇ ’ਚ ਸ਼ਿਵਾ ਜੀ ਮਰਹੱਟੇ ਦੇ ਧਾਰਮਿਕ ਗੁਰੂ ਸ੍ਰੀ ਸਮਰਥ ਰਾਮਦਾਸ ਜੀ ਨੂੰ ਮਿਲੇ। ਸ੍ਰੀ ਸਮਰਥ ਰਾਮਦਾਸ ਜੀ ਨੇ ਕਿਹਾ ਅਸੀਂ ਸੁਣਿਆ ਸੀ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਗੱਦੀ ’ਤੇ ਬਿਰਾਜਮਾਨ ਹੋ, ਪਰ ਗੁਰੂ ਨਾਨਕ ਦੇਵ ਜੀ ਤਾਂ ਤਿਆਗੀ ਸਾਧੂ ਸਨ, ਤੁਸੀਂ ਸ਼ਸਤਰ ਪਹਿਨਦੇ ਹੋ, ਫੌਜ ਤੇ ਘੋੜੇ ਵੀ ਰੱਖੇ ਹੋਏ ਹਨ ਤੇ ‘ਸੱਚੇ ਪਾਤਸ਼ਾਹ’ ਅਖਵਾਉਂਦੇ ਹੋ। ਇੰਝ ਕਿਉਂ?’ ਗੁਰੂ ਜੀ ਨੇ ਉੱਤਰ ਦਿੱਤਾ ਬਾਬਾ ਨਾਨਕ ਨੇ ਸੰਸਾਰ ਨਹੀਂ ਤਿਆਗਿਆ ਸੀ, ਮਾਇਆ ਤਿਆਗੀ ਸੀ।’ ਇਹ ਉੱਤਰ ਮਹਾਤਮਾ ਰਾਮਦਾਸ ਦੇ ਦਿਲ ਲੱਗ ਗਿਆ ਤੇ ਉਨ੍ਹਾਂ ਗੁਰੂ ਜੀ ਨੂੰ ਨਮਸਕਾਰ ਕੀਤੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਗੁਰੂ ਜੀ ਦੇ ਜੀਵਨ ਨਾਲ ਜੁੜੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਰਾਜਾ ਰਤਨ ਰਾਏ ਦਾ ਆਪਣੇ ਮਸਤਕ ‘ਤੇ ਨਿਸ਼ਾਨ ਦਾ ਰਹੱਸ ਜਾਣ ਕੇ ਦਸਵੇਂ ਪਾਤਸ਼ਾਹ ਨੂੰ ਮਿਲਣ ਪਹੁੰਚਣਾ