Farmers protest against lockdown : ਕੋਰੋਨਾ ਦੀ ਦੂਜੀ ਲਹਿਰ ਇਸ ਸਮੇਂ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ। ਪੰਜਾਬ ਦੇ ਵਿੱਚ ਵੀ ਕੋਰੋਨਾ ਲਗਾਤਾਰ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਰਾਜ ਵਿੱਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਜ਼ਿਲ੍ਹਿਆਂ ਵਿੱਚ ਜ਼ਰੂਰਤ ਅਨੁਸਾਰ ਕੋਈ ਨਵੀਂ ਅਤੇ ਸਖਤ ਪਾਬੰਦੀਆਂ ਲਗਾਉਣ ਦਾ ਅਧਿਕਾਰ ਦਿੱਤਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਦੁਕਾਨਾਂ ਅਤੇ ਨਿੱਜੀ ਦਫਤਰਾਂ ਨੂੰ ਰੋਟੇਸ਼ਨ (ਵਾਰੀ-ਵਾਰੀ) ਦੇ ਅਧਾਰ ‘ਤੇ ਖੋਲ੍ਹਣ ਦੇ ਫੈਸਲੇ ਨੂੰ ਛੱਡ ਕੇ ਕਿਸੇ ਵੀ ਮੌਜੂਦਾ ਪਾਬੰਦੀਆਂ ਵਿੱਚ ਢਿੱਲ ਨਹੀਂ ਦਿੱਤੀ ਜਾਏਗੀ।
ਇਸ ਦੇ ਨਾਲ ਹੀ ਅੱਜ ਕਿਸਾਨ ਜਥੇਬੰਦੀਆਂ ਦੇ ਐਲਾਨ ਨੂੰ ਦੇਖਦਿਆਂ CM ਨੇ ਡੀਜੀਪੀ ਨੂੰ ਸੂਬੇ ਵਿੱਚ ਹਫਤਾਵਾਰੀ ਤਾਲਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਕਿਸੇ ਵੀ ਉਲੰਘਣਾ ਨਾਲ ਨਜਿੱਠਣ ਦੇ ਆਦੇਸ਼ ਦਿੱਤੇ ਹਨ। ਦਰਅਸਲ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕੇ ਉਹ ਸੂਬੇ ਦੇ ਵਿੱਚ ਲੌਕਡਾਊਨ ਦੇ ਵਿਰੋਧ ਵਿੱਚ 8 ਮਈ ਨੂੰ ਪੂਰੇ ਪੰਜਾਬ ਵਿੱਚ ਬਾਜ਼ਾਰ ਖੁਲਵਾਉਣਗੇ। ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਤਾਲਾਬੰਦੀ ਦੇ ਨਾਂ ‘ਤੇ ਆਮ ਆਦਮੀ ਨੂੰ ਬਰਬਾਦ ਕਰਨਾ ਚਾਹੁੰਦੀ ਹੈ ਅਤੇ ਕਿਸਾਨ ਉਨ੍ਹਾਂ ਦੇ ਇਰਾਦੇ ਪੂਰੇ ਨਹੀਂ ਹੋਣ ਦੇਣਗੇ। ਪਰ CM ਕੈਪਟਨ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਦਾ ਕਿਸਾਨ ਮੋਰਚਾ ਸੂਬਾ ਸਰਕਾਰ ‘ਤੇ ਸ਼ਰਤਾਂ ਨਹੀਂ ਲਗਾ ਸਕਦਾ। ਉਨ੍ਹਾਂ ਨੇ ਮਨਜ਼ੂਰੀਆਂ ਦੀ ਉਲੰਘਣਾ ਦੇ ਮਾਮਲੇ ਵਿੱਚ ਸਖਤ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਬੰਦਸ਼ਾਂ ਦੀ ਉਲੰਘਣਾ ਕਰਦਿਆਂ ਕੋਈ ਦੁਕਾਨ ਖੋਲ੍ਹੀ ਜਾਂਦੀ ਹੈ ਤਾਂ ਦੁਕਾਨ ਮਾਲਕ ਨੂੰ ਵੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ।
ਪਰ ਪੰਜਾਬ ਸਰਕਾਰ ਦੇ ਹੁਕਮਾਂ ਦੇ ਉਲਟ ਅੱਜ ਕਿਸਾਨ ਵੱਖ-ਵੱਖ ਥਾਵਾਂ ‘ਤੇ ਸੜਕਾਂ ਉੱਤੇ ਉੱਤਰ ਆਏ ਹਨ, ਕਿਸਾਨਾਂ ਦਾ ਕਹਿਣਾ ਹੈ ਕੇ ਸਰਕਾਰ ਵਪਾਰੀ ਵਰਗ ਅਤੇ ਮਜਦੂਰਾਂ ਨਾਲ ਧੱਕਾ ਕਰ ਰਹੀ ਹੈ। ਇਸ ਮੌਕੇ ਕਿਸਾਨਾਂ ਅਤੇ ਆਗੂਆਂ ਨੇ ਹੋਰ ਕੀ ਕਿਹਾ ਸੁਣਨ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ —