ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ, ਲੁਧਿਆਣਾ ਹਰਸਿਮਰਨਜੀਤ ਸਿੰਘ ਦੀ ਅਦਾਲਤ ਨੇ ਇੱਕ 44 ਸਾਲਾ ਔਰਤ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ‘ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਆਤਮਨਗਰ ਹਲਕੇ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ (ਵਿਧਾਇਕ) ਨੂੰ ਬਲਾਤਕਾਰ ਦਾ ਕੇਸ ਦਰਜ ਕਰਨ ਦਾ ਆਦੇਸ਼ ਦਿੱਤਾ ਹੈ।
ਔਰਤ ਨੇ ਵਿਧਾਇਕ ਸਿਮਰਜੀਤ ਬੈਂਸ ਅਤੇ ਉਸ ਦੇ ਕੁਝ ਸਾਥੀਆਂ ਖ਼ਿਲਾਫ਼ ਪੁਲੀਸ ਕੋਲ ਕੇਸ ਦਰਜ ਨਾ ਕਰਨ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ‘ਤੇ ਅਦਾਲਤ ਨੇ ਥਾਣਾ ਡਵੀਜ਼ਨ ਨੰਬਰ 6 ਦੇ ਐਸਐਚਓ ਨੂੰ ਕੇਸ ਦਰਜ ਕਰਨ ਲਈ ਕਿਹਾ ਹੈ ਅਤੇ ਐਫਆਈਆਰ ਦੀ ਇਕ ਕਾਪੀ ਵੀ ਅਦਾਲਤ ਨੂੰ ਦੇਣ ਦੇ ਆਦੇਸ਼ ਦਿੱਤੇ ਹਨ।
44 ਸਾਲਾ ਔਰਤ ਨੇ ਦੋਸ਼ ਲਾਇਆ ਕਿ ਉਹ ਜਾਇਦਾਦ ਦੇ ਝਗੜੇ ਦੇ ਮਾਮਲੇ ਵਿੱਚ ਆਤਮਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਸੰਪਰਕ ਵਿੱਚ ਆਈ ਸੀ, ਪਰ ਉਹ ਫਸ ਗਈ।
ਔਰਤ ਨੇ ਦੋਸ਼ ਲਾਇਆ ਕਿ ਉਸਦੀ ਸਮਾਜਿਕ ਅਤੇ ਆਰਥਿਕ ਕਮਜ਼ੋਰੀ ਦਾ ਫਾਇਦਾ ਉਠਾਉਂਦਿਆਂ ਬੈਂਸ ਨੇ ਉਸ ਦੀ ਮਦਦ ਕਰਨ ਦੇ ਬਹਾਨੇ ਉਸ ਨਾਲ ਵਾਰ ਵਾਰ ਬਲਾਤਕਾਰ ਕੀਤਾ। ਅਦਾਲਤ ਨੇ 14 ਪੰਨਿਆਂ ਦੇ ਆਦੇਸ਼ ਵਿਚ ਕਿਹਾ ਕਿ ਵਿਧਾਇਕ ਅਤੇ ਉਸ ਦੇ ਸਾਥੀਆਂ ਉੱਤੇ ਗੰਭੀਰ ਦੋਸ਼ ਲਗਾਏ ਗਏ ਹਨ। ਪੁਲਿਸ ਇਸ ਦੀ ਚੰਗੀ ਤਰ੍ਹਾਂ ਜਾਂਚ ਕਰ ਸਕਦੀ ਹੈ। ਅਦਾਲਤ ਔਰਤ ਨੂੰ ਖੁਦ ਸਬੂਤ ਇਕੱਠੀ ਕਰਨ ਲਈ ਨਹੀਂ ਕਹਿ ਸਕਦੀ।