ਕਪੂਰਥਲਾ ‘ਚ ਸੁਲਤਾਨਪੁਰ ਲੋਧੀ ਰੋਡ ‘ਤੇ ਰੇਲ ਕੋਚ ਫੈਕਟਰੀ (RCF) ਨੇੜੇ ਸਥਿਤ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਣਾਈਆਂ 300 ਦੇ ਕਰੀਬ ਝੁੱਗੀਆਂ ਨੂੰ ਅੱਗ ਲੱਗ ਗਈ। ਵੀਰਵਾਰ ਦੇਰ ਰਾਤ ਝੁੱਗੀਆਂ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਭਗਦੜ ਮੱਚ ਗਈ। ਝੁੱਗੀਆਂ ਵਿੱਚ ਰਹਿਣ ਵਾਲੇ ਲੋਕ ਮਦਦ ਲਈ ਰੌਲਾ ਪਾਉਣ ਲੱਗੇ। ਅੱਗ ਦੀਆਂ ਲਪਟਾਂ ਦੇਖ ਕੇ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਵਿਚ ਚੀਕ-ਚਿਹਾੜਾ ਮਚ ਗਿਆ। ਅੱਗ ਦੀਆਂ ਲਪਟਾਂ ਦੇ ਨਾਲ-ਨਾਲ ਹਰ ਪਾਸੇ ਧੂੰਆਂ ਫੈਲ ਗਿਆ। ਇੱਥੇ ਇੱਕ ਤੋਂ ਬਾਅਦ ਇੱਕ 70-72 ਝੁੱਗੀਆਂ ਲਪੇਟ ਵਿਚ ਆ ਗਈਆਂ। ਅੱਗ ਲਗਾਤਾਰ ਫੈਲਦੀ ਗਈ।
ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਮੌਕੇ ‘ਤੇ ਪਹੁੰਚ ਗਈਆਂ ਪਰ ਅੱਗ ਕਾਫੀ ਭਿਆਨਕ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਅੱਗ ‘ਤੇ ਕਾਬੂ ਪਾਉਣ ‘ਚ ਜੁਟੀਆਂ ਰਹੀਆਂ।
ਇਸ ਦੇ ਨਾਲ ਹੀ ਸੂਚਨਾ ਮਿਲਦੇ ਹੀ ਭੁਲਾਣਾ ਚੌਕੀ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ। ਅੱਗ ਲੱਗਣ ਕਾਰਨ ਕਰੀਬ 70-72 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ। ਭੁਲਾਣਾ ਚੌਕੀ ਦੇ ਇੰਚਾਰਜ ਏਐਸਆਈ ਦਵਿੰਦਰ ਪਾਲ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਅੱਗ ਬੁਝਾਉਣ ਪਹੁੰਚੀਆਂ।
ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 9.30 ਵਜੇ ਆਰਸੀਐਫ ਨੇੜੇ ਝੁੱਗੀਆਂ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਬੁਝਾਉਣ ਲਈ ਆਰਸੀਐਫ, ਕਪੂਰਥਲਾ, ਸੁਲਤਾਨਪੁਰ ਲੋਧੀ ਅਤੇ ਕਰਤਾਰਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਹਾਲਾਂਕਿ ਅੱਗ ਬਹੁਤ ਭਿਆਨਕ ਹੈ ਅਤੇ ਇਸ ‘ਤੇ ਕਾਬੂ ਪਾਉਣ ਲਈ ਫਾਇਰ ਵਿਭਾਗ ਦੇ ਕਰਮਚਾਰੀਆਂ ਨੂੰ ਕਾਫੀ ਮਿਹਨਤ ਕਰਨੀ ਪਈ। ਪੁਲਿਸ ਨੇ ਦੱਸਿਆ ਕਿ ਲਗਭਗ 250 ਦੇ ਕਰੀਬ ਝੁੱਗੀਆਂ ਨੂੰ ਬਚਾ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਝੁੱਗੀਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਇਹ ਵੀ ਪੜ੍ਹੋ : ਪੰਧੇਰ ਸਣੇ ਕਈ ਕਿਸਾਨ ਨੇਤਾ 8 ਦਿਨਾਂ ਮਗਰੋਂ ਹੋਏ ਰਿਹਾਅ, ਡੱਲੇਵਾਲ ਅਜੇ ਵੀ ਹਸਪਤਾਲ ‘ਚ
ਉਥੇ ਰਹਿਣ ਵਾਲੇ ਗਰੀਬ ਲੋਕਾਂ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਨ੍ਹਾਂ ਨੇ ਬੜੀ ਮਿਹਨਤ ਨਾਲ ਠੰਡ ਦੇ ਮੌਸਮ ਤੋਂ ਪਹਿਲਾਂ ਆਪਣੀਆਂ ਝੁੱਗੀਆਂ ਬਣਾਈਆਂਸਨ ਪਰ ਕੁਦਰਤ ਨੇ ਐਸੀ ਮਾਰ ਮਾਰੀ ਹੈ ਕਿ ਉਹ ਹੁਣ ਘਰ ਤੋਂ ਬੇਘਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਘਰ ਵਿਚ ਪਿਆ ਰਾਸ਼ਨ, ਘਰੇਲੂ ਸਮਾਨ ਤੇ ਉਨ੍ਹਾਂ ਦੀ ਮਿਹਨਤ ਦੇ ਪੈਸੇ ਵੀ ਝੁੱਗੀਆਂ ਵਿਚ ਸੜ ਕੇ ਸੁਆਹ ਹੋ ਗਏ। ਉਨ੍ਹਾਂ ਕਿਹਾ ਕਿ ਹੁਣ ਸਮਝ ਨਹੀਂ ਆ ਰਿਹਾ ਕਿ ਉਹ ਆਪਣੀਆਂ ਝੁੱਗੀਆਂ ਦੁਬਾਰਾ ਕਿਵੇਂ ਬਣਾਉਣਗੇ ਅਤੇ ਆਪਣੇ ਖਾਣ-ਪੀਣ ਦਾ ਗੁਜ਼ਾਰਾ ਕਿਵੇਂ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
