ਬੀਬੀ ਹਰਸ਼ਰਨ ਕੌਰ ਜੀ ਦਾ ਨਾਂ ਸਿੱਖ ਇਤਿਹਾਸ ਵਿਚ ਬੜੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ ਚਮਕੌਰ ਦੀ ਜੰਗ ਤੋਂ ਬਾਅਦ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕੀਤੇ। ਸੰਸਕਾਰ ਕਰਨ ਲਈ ਲੱਕੜਾਂ ਦੇ ਢੇਰ ‘ਤੇ ਸ਼ਹੀਦਾਂ ਦੇ ਸਰੀਰ ਚਿਣ ਕੇ ਅੱਗ ਲਾ ਦਿੱਤੀ। ਜਦ ਮੁਗ਼ਲਾਂ ਨੇ ਬਲਦੀ ਅੱਗ ਵੇਖੀ ਤਾਂ ਬੀਬੀ ਹਰਸ਼ਰਨ ਕੌਰ ਜੀ ਨੂੰ ਚੁੱਕ ਕੇ ਬਲਦੀ ਅੱਗ ਵਿਚ ਸੁੱਟ ਦਿੱਤਾ।
ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਪੰਜ ਪਿਆਰੇ ਤੇ ਹੋਰ ਸਿੰਘ ਸਰਸਾ ਨਦੀ ਪਾਰ ਕਰਕੇ ਚਮਕੌਰ ਪਹੁੰਚੇ ਤਾਂ ਉਨ੍ਹਾਂ ਦੇ ਪਿੱਛੇ-ਪਿੱਛੇ ਮੁਗਲ ਫੌਜਾਂ ਵੀ ਚਮਕੌਰ ਪਹੁੰਚ ਗਈਆਂ। ਜਦੋਂ ਚਮਕੌਰ ਸਾਹਿਬ ਵਿਖੇ ਯੁੱਧ ਹੋਇਆ ਤਾਂ ਵੱਡੇ ਸਾਹਿਬਜ਼ਾਦੇ ਤੇ ਸਿੰਘ ਸ਼ਹੀਦ ਹੋ ਗਏ। ਗੁਰੂ ਜੀ ਦੇ ਕਹਿਣ ‘ਤੇ ਦੋ ਸਿੰਘ ਪਿੱਛੇ ਗੜ੍ਹੀ ਵਿਚ ਮੁਗ਼ਲਾਂ ਦਾ ਮੁਕਾਬਲਾ ਕਰਨ ਲਈ ਠਹਿਰ ਗਏ। ਰਸਤੇ ਵਿਚ ਗੁਰੂ ਸਾਹਿਬ ਬੀਬੀ ਹਰਸ਼ਰਨ ਕੌਰ ਦੇ ਪਿੰਡ ਪਹੁੰਚੇ, ਜਿਸ ਨੇ ਉਨ੍ਹਾਂ ਨੂੰ ਪਛਾਣ ਲਿਆ। ਬੀਬੀ ਨੇ ਸਾਹਿਬਜ਼ਾਦਿਆਂ ਨੂੰ ਬਚਪਨ ਵਿਚ ਖਿਡਾਇਆ ਸੀ। ਉਸ ਨੇ ਜਦੋਂ ਉਨ੍ਹਾਂ ਬਾਰੇ ਪੁੱਛਿਆ ਤਾਂ ਗੁਰੂ ਸਾਹਿਬ ਨੇ ਚਮਕੌਰ ਦੇ ਯੁੱਧ ਵਿਚ ਪਾਈਆਂ ਸ਼ਹੀਦੀਆਂ ਬਾਰੇ ਦੱਸਿਆ।
ਬੀਬੀ ਹਰਸ਼ਰਨ ਕੌਰ ਰਾਤ ਦੇ ਹਨੇਰੇ ਵਿਚ ਪੋਲੇ ਪੈਰੀਂ ਯੁੱਧ ਦੇ ਮੈਦਾਨ ਵਿਚ ਪਹੁੰਚੀ। ਮੁਗ਼ਲ ਫ਼ੌਜ ਯੁੱਧ ਤੋਂ ਥੱਕ ਹਾਰ ਕੇ ਤੰਬੂਆਂ ਵਿਚ ਸੌਂ ਰਹੀ ਸੀ। ਬੀਬੀ ਨੇ ਪਛਾਣ ਕੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕੀਤੇ। ਆਸ-ਪਾਸ ਤੋਂ ਜਿੰਨੀਆਂ ਵੀ ਲੱਕੜਾਂ ਇਕੱਠੀਆਂ ਕਰ ਸਕੀ ਕਰਕੇ ਇੱਕ ਥਾਂ ਢੇਰ ਲਾ ਲਿਆ। ਲੱਕੜਾਂ ਦੇ ਢੇਰ ‘ਤੇ ਸ਼ਹੀਦਾਂ ਦੇ ਸਰੀਰ ਚਿਣ ਕੇ ਅੱਗ ਲਾ ਦਿੱਤੀ। ਅੱਗ ਦੇ ਮੱਚਦੇ ਭਾਂਬੜ ਦੇਖ ਕੇ ਮੁਗ਼ਲ ਫ਼ੌਜੀ ਹੈਰਾਨੀ ਵਿਚ ਉਠ ਖੜ੍ਹੇ ਹੋਏ। ਮੁਗ਼ਲ ਉਸ ਕੋਲ ਪੁੱਛਿਆ ਪਰ ਬੀਬੀ ਚੁੱਪ ਰਹੀ। ਉਸ ਦੀ ਚੁੱਪ ਕਾਰਨ ਉਹ ਉਸ ਦਾ ਭੇਤ ਖੋਲ੍ਹਣ ਵਿਚ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਨੂੰ ਉਸ ਦੀ ਚੁੱਪ ਉੱਤੇ ਇੰਨਾ ਗੁੱਸਾ ਆ ਗਿਆ ਕਿ ਉਨ੍ਹਾਂ ਨੇ ਬਰਛੇ ਸਮੇਤ ਬੀਬੀ ਨੂੰ ਚੁੱਕ ਕੇ ਬਲਦੀ ਅੱਗ ਵਿਚ ਸੁੱਟ ਦਿੱਤਾ।
ਇਹ ਵੀ ਪੜ੍ਹੋ : ‘ਬਾਣੀ ਦੇ ਬੋਹਿਥ’ ਸ੍ਰੀ ਅਰਜਨ ਦੇਵ ਜੀ ਵੱਲੋਂ ਗੁਰੂ ਅਮਰਦਾਸ ਜੀ ਦੇ ਵਚਨਾਂ ਨੂੰ ਸਾਰਥਕ ਕਰਨਾ