ਤਕਰੀਬਨ ਇੱਕ ਸਾਲ ਤੱਕ ਦਿੱਲੀ ਦੀਆਂ ਸਰਹੱਦਾਂ ‘ਤੇ ਚੱਲਿਆ ਕਿਸਾਨ ਅੰਦੋਲਨ ਪਿਛਲੇ ਸਾਲ ਦਿਸੰਬਰ ਮਹੀਨੇ ਦੇ ਵਿੱਚ ਮੁਲਤਵੀ ਹੋ ਗਿਆ ਹੈ। ਇਸ ਕਿਸਾਨ ਅੰਦੋਲਨ ਦੇ ਵਿੱਚੋਂ ਦੋ ਸਿਆਸੀ ਪਾਰਟੀਆਂ ਵੀ ਉੱਭਰੀਆਂ ਹਨ। ਸਭ ਤੋਂ ਪਹਿਲਾਂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਸੰਯੁਕਤ ਸਮਾਜ ਮੋਰਚਾ ਬਣਿਆ ਹੈ।
ਹਾਲਾਂਕਿ ਅਜੇ ਇਸ ਪਾਰਟੀ ਦੇ ਰਜਿਸਟ੍ਰੇਸ਼ਨ ਅਤੇ ਚੋਣ ਨਿਸ਼ਾਨ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ। ਦੂਜੀ, ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਸੰਯੁਕਤ ਸੰਘਰਸ਼ ਪਾਰਟੀ। ਇਸ ਪਾਰਟੀ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਚੋਣ ਨਿਸ਼ਾਨ ਵੀ ਮਿਲ ਗਿਆ ਹੈ। ਇਸ ਦੌਰਾਨ ਹੁਣ ਇਨ੍ਹਾਂ ਦੋਵਾਂ ਪਾਰਟੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਕਰ ਲਿਆ ਹੈ ਅਤੇ ਸਮਝੌਤੇ ਮੁਤਾਬਿਕ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਵਾਲੀ ਸੰਯੁਕਤ ਸੰਘਰਸ਼ ਪਾਰਟੀ ਨੂੰ 10 ਸੀਟਾਂ ਮਿਲੀਆਂ ਹਨ। ਇਨ੍ਹਾਂ 10 ਸੀਟਾਂ ‘ਚੋਂ ਪਾਰਟੀ ਨੇ 9 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
ਇਸ ਬਾਰੇ ਇੱਕ ਇੰਟਰਵਿਊ ਦੌਰਾਨ ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ ਸਾਡੇ ਹਿੱਸੇ ਵਿੱਚ 10 ਸੀਟਾਂ ਆਈਆਂ ਹਨ ਅਤੇ ਸਾਨੂੰ ਕੱਪ-ਪਲੇਟ ਚੋਣ ਨਿਸ਼ਾਨ ਮਿਲਿਆ ਹੈ। ਅਸੀਂ ਅੱਜ 9 ਸੀਟਾਂ ਦਾ ਐਲਾਨ ਕੀਤਾ ਹੈ ਅਤੇ ਅਸੀਂ ਸਰਵੇਖਣ ਕਰਨ ਤੋਂ ਬਾਅਦ ਇੱਕ ਸੀਟ ਦਾ ਐਲਾਨ ਕਰਾਂਗੇ। ਪਤਾ ਨਹੀਂ ਸਾਡੇ ਚੋਣ ਲੜਨ ਨਾਲ ਕਿਸ ਨੂੰ ਫਾਇਦਾ ਹੋਵੇਗਾ, ਕਿਸ ਨੂੰ ਨੁਕਸਾਨ ਹੋਵੇਗਾ। ਪਰ ਅਸੀਂ ਕਿਸੇ ਦੇ ਫਾਇਦੇ ਜਾਂ ਨੁਕਸਾਨ ਲਈ ਚੋਣਾਂ ਨਹੀਂ ਲੜ ਰਹੇ। ਅਸੀਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਜਨਤਾ ਦੇ ਭਲੇ ਲਈ ਚੋਣਾਂ ਲੜ ਰਹੇ ਹਾਂ। ਰਿਵਾਇਤੀ ਪਾਰਟੀਆਂ ਨੇ ਅੱਜ ਤੱਕ ਦੇਸ਼ ਨੂੰ ਲੁੱਟਣ ਦਾ ਕੰਮ ਹੀ ਕੀਤਾ ਹੈ ਅਤੇ ਲੀਡਰਾਂ ਨੇ ਸਿਰਫ ਆਪਣੇ ਘਰ ਭਰਨ ਦਾ ਕੰਮ ਹੀ ਕੀਤਾ ਹੈ ਨਾ ਕਿ ਲੋਕਾਂ ਲਈ। ਉਨ੍ਹਾਂ ਕਿਹਾ ਕਿ ਵੋਟ ਵਾਲੇ ਲੋਕਾਂ ਦਾ ਰਾਜ ਹੋਣਾ ਚਾਹੀਦਾ ਹੈ ਨੋਟਾਂ ਵਾਲਿਆਂ ਦਾ ਨਹੀਂ।
ਇਹ ਵੀ ਪੜ੍ਹੋ : ਭਾਰਤ ‘ਚ ਕੋਰੋਨਾ ਨੇ ਫਿਰ ਫੜੀ ਰਫ਼ਤਾਰ, 8 ਮਹੀਨਿਆਂ ਬਾਅਦ 3 ਲੱਖ 17 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ
ਇਹ ਅੰਦੋਲਨ ਕਿਸਾਨਾਂ ਦਾ ਨਹੀਂ ਹੈ, ਸਗੋਂ ਇਸ ਦੇ ਪਿੱਛੇ ਸਿਆਸੀ ਪਾਰਟੀਆਂ ਦਾ ਹੱਥ ਹੈ, ਇਸ ਸਵਾਲ ‘ਤੇ ਚੜੂਨੀ ਨੇ ਕਿਹਾ ਕਿ ਕੋਈ ਕੁੱਝ ਵੀ ਕਹਿ ਸਕਦਾ ਹੈ। ਲੋਕਾਂ ਦੀ ਜ਼ੁਬਾਨ ਨੂੰ ਫੜਿਆ ਨਹੀਂ ਜਾ ਸਕਦਾ। ਅਸੀਂ 2012 ਵਿੱਚ ਹਰਿਆਣਾ ਵਿੱਚ ਅੰਦੋਲਨ ਕੀਤਾ ਸੀ, ਉਸ ਸਮੇਂ ਭਾਜਪਾ ਦੇ ਵਿਧਾਇਕ ਸਾਡੇ ਧਰਨੇ ਵਿੱਚ ਆ ਕੇ ਬੈਠਦੇ ਸਨ। ਵਿਰੋਧੀ ਸਮਰਥਨ ਦਿੰਦੇ ਹਨ। 750 ਲੋਕਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਨੇ ਗੱਲ ਮੰਨ ਲਈ। 1 ਸਾਲ 13 ਦਿਨ ਬੈਠਣ ਤੋਂ ਬਾਅਦ ਉਹ ਮੰਨ ਗਏ ਅਤੇ ਸਹਿਮਤ ਹੋਣ ਤੋਂ ਬਾਅਦ ਭਾਰਤ ਦੇ ਖੇਤੀਬਾੜੀ ਮੰਤਰੀ ਨੇ ਫਿਰ ਬਿਆਨ ਦਿੱਤਾ ਕਿ ਕੁੱਝ ਲੋਕਾਂ ਦੇ ਦਬਾਅ ਹੇਠ ਅਸੀਂ ਇੱਕ ਕਦਮ ਪਿੱਛੇ ਹਟੇ ਹਾਂ, ਫਿਰ ਅੱਗੇ ਵਧਾਂਗੇ। ਇਸ ਲਈ ਪਹਿਲੀ ਗੱਲ ਇਹ ਹੈ ਕਿ ਜੇਕਰ ਉਹ ਅੱਗੇ ਵਧੇ ਤਾਂ ਅਸੀਂ ਵੀ ਅੱਗੇ ਵਧਾਂਗੇ, ਹੁਣ ਅਸੀਂ ਸਰਹੱਦ ‘ਤੇ ਨਹੀਂ ਬੈਠਾਂਗੇ ਅਤੇ ਸਿੱਧੇ ਸੰਸਦ ਦਾ ਘਿਰਾਓ ਕਰਾਂਗੇ। ਇੰਨਾ ਵੱਡਾ ਅੰਦੋਲਨ ਹੋਣ ਦੇ ਬਾਵਜੂਦ ਵੀ ਜੇਕਰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰ ਰਹੇ ਤਾਂ ਇਨ੍ਹਾਂ ਨੂੰ ਸੱਤਾ ਤੋਂ ਉਖਾੜ ਕੇ ਬਾਹਰ ਕੱਢਣਾ ਹੀ ਇੱਕ ਉਪਾਅ ਹੈ।
ਵੀਡੀਓ ਲਈ ਕਲਿੱਕ ਕਰੋ -: