ਅਠਵੀਂ ਨਾਨਕ ਜੋਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਭਾਵੇਂ ਜਗਤ ਫੇਰੀ ਦੇ ਹਿਸਾਬ ਨਾਲ ਬਾਕੀ ਗੁਰੂ ਸਾਹਿਬਾਨਾਂ ਤੋਂ ਬਹੁਤ ਛੋਟੀ ਉਮਰ ਲੈ ਕੇ ਧੁਰੋਂ ਆਏ ਸਨ ਪਰ ਆਪ ਨੇ ਸਵਾ ਪੰਜ ਸਾਲ ਦੀ ਉਮਰ ਵਿਚ ਸਿੱਖੀ ਦੀ ਲੋਕ ਲਹਿਰ ਦੀ ਅਗਵਾਈ ਸੰਭਾਲ ਕੇ ਜਿਸ ਤਰ੍ਹਾਂ ਢਾਈ ਸਾਲ ਗੁਰਮਤਿ ਵਿਚਾਰਧਾਰਾ ਦੀ ਵਿਆਖਿਆ ਕੀਤੀ ਤੇ ਜਿਸ ਤਰ੍ਹਾਂ ਸਿੱਖ ਸਿਧਾਂਤਾਂ ‘ਤੇ ਆਪ ਦ੍ਰਿੜ੍ਹ ਰਹੇ ਅਤੇ ਜਗਤ ਜਲੰਦੇ ਨੂੰ ਠਾਰਨ ਲਈ ਗਿਆਨ ਦਿੰਦੇ ਰਹੇ ਉਸ ਨੇ ਸਾਬਤ ਕਰ ਦਿੱਤਾ ਕਿ ਆਪ ਗੁਰਆਈ ਲੀ ਧੁਰੋਂ ਵਰੋਸਾਇ ਹੋਏ ਸਨ।
ਗੁਰੂ ਗੋਬਿੰਦ ਜੀ ਦੀ ਰਚੀ ਚੰਡੀ ਦੀ ਵਾਰ ਦੀ ਪਹਿਲੀ ਪਉੜੀ ਵਿਚ ਪਹਿਲੇ 9 ਗੁਰੂ ਸਾਹਿਬਾਨਾਂ ਨੂੰ ਯਾਦ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਸਿਰਮਨ ਪਿੱਛੋਂ ਵਾਰ ਸ਼ੁਰੂ ਕੀਤੀ ਹੈ। ਸਿੱਖ ਜਗਤ ਦੋਵੇਂ ਵੇਲੇ ਦੀ ਅਦਾਸ ਦੀ ਸ਼ੁਰੂਆਤ ਇਸੇ ਪਉੜੀ ਤੋਂ ਕਰਦਾ ਹੈ ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਅਜਮਤ ਦ੍ਰਿੜ੍ਹ ਕਰਾਉਂਦਿਆਂ ਲਿਖਿਆ ਹੈ-ਸ੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭਿ ਦੁਖ ਜਾਇ।।
ਇਕ ਪਾਸੇ ਗੁਰੂ ਹਰਿ ਰਾਏ ਜੀ ਦਾ ਹੁਕਮ ਸੀ ਜੋ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਦੇਖੇਗਾ ਉਸ ਦਾ ਦੁੱਖ ਦੂਰ ਹੋ ਜਾਵੇਗਾ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਬਚਪਨ ਵੀ ਆਮ ਬੱਚਿਆਂ ਨਾਲੋਂ ਵੱਖਰੀ ਕਿਸਮ ਦਾ ਸੀ। ਇਹ ਮੰਨਿਆ ਜਾਂਦਾ ਹੈ ਕਿ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੇ ਜਦੋਂ 6 ਮਹੀਨੇ ਦੀ ਉਮਰ ਵਿਚ ਬੈਠਣਾ ਸ਼ੁਰੂ ਕੀਤਾ ਤਾਂ ਪਹਿਲੇ ਦਿਨ ਤੋਂ ਹੀ ਚੌਂਕੜੀ ਲਗਾ ਕੇ ਬੈਠਣ ਲੱਗੇ।
ਜਦੋਂ ਔਰੰਗਜੇਬ ਨੇ ਗੁਰੂ ਹਰਿਰਾਏ ਸਾਹਿਬ ਨੂੰ ਦਿੱਲੀ ਆਉਣ ਦਾ ਸੱਦਾ ਭੇਜਿਆ ਤਾਂ ਗੁਰੂ ਹਰਿਰਾਏ ਜੀ ਨੇ ਆਪਣੀ ਥਾਂ ਰਾਮਰਾਇ ਨੂੰ ਭੇਜਿਆ।ਗੁਰੂ ਜੀ ਨੇ ਰਾਮਰਾਇ ਨੂੰ ਪੱਕੀ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਦੇ ਉਲਟ ਬਾਦਸ਼ਾਹ ਨੂੰ ਖੁਸ਼ ਕਰਨ ਲਈ ਕੋਈ ਗੱਲ ਨਹੀਂ ਕਰਨੀ ਤੇ ਮੁਗਲ ਬਾਦਸ਼ਾ ਦੇ ਰੋਬ ਥੱਲ ਆ ਕੇ ਉਸ ਨੂ ਖੁਸ਼ ਕਰਨ ਲਈ ਝੂਠ ਨਹੀਂ ਬੋਲਣਾ ਪਰ ਰਾਮਰਾਇ ਨੇ ਗੁਰਦੇਵ ਪਿਤਾ ਦੇ ਹੁਕਮ ਦੇ ਉੁਲਟ ਬਾਦਸ਼ਾਹ ਨੂੰ ਖੁਸ਼ ਕਰਨ ਲਈ ਗਲਤੀਆਂ ਕੀਤੀਆਂ। ਇਸ ‘ਤੇ ਗੁਰੂਦੇਵ ਪਿਤਾ ਨਾਰਾਜ਼ ਹੋ ਗਏ। ਉਨ੍ਹਾਂ ਨੇ ਰਾਮਰਾਏ ਨੂੰ ਮੱਥੇ ਲਾਉਣ ਤੋਂ ਇਨਕਾਰ ਕਰ ਦਿੱਤਾ। ਆਪਣੀ ਸੱਚਖੰਡ ਵਾਪਸੀ ਸਮੇਂ ਉਨ੍ਹਾਂ ਨੇ ਆਪਣੇ ਛੋਟੇ ਸਪੁੱਤਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਨੂੰ ਹਰ ਤਰ੍ਹਾਂ ਨਾਲ ਯੋਗ ਸਮਝ ਕੇ ਗੁਰਗੱਦੀ ਦੀ ਬਖਸ਼ਿਸ਼ ਕੀਤੀ।