ਸਿੱਖ ਗੁਰੂ ਸਾਹਿਬਾਨ ਸੰਸਾਰ ਦੇ ਜੀਵਾਂ ਦੇ ਭਲੇ ਲਈ ਇੱਕ ਨਿੱਗਰ ਮਨੋਰਥ ਲੈ ਕੇ ਸੰਸਾਰ ਵਿਚ ਆਏ ਸਨ ਤੇ ਉਨ੍ਹਾਂ ਨੇ ਆਪਣੇ ਜੀਵਨ ਵਿਚ ਆਪਣੀਆਂ ਸਾਰੀਆਂ ਸ਼ਕਤੀਆਂ ਸੰਸਾਰ ਦੇ ਪ੍ਰਾਣੀਆਂ ਦੇ ਭਲੇ ਲਈ ਖਰਚ ਕੀਤੀਆਂ ਸਨ। ਗੁਰੂ ਕੀ ਗੋਲਕ ਨੂੰ ਸਿੱਖ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਵਿਚ ਜਿਸ ਮਨੋਰਥ ਲਈ ਵਰਤਿਆ ਤੇ ਉਨ੍ਹਾਂ ਦੇ ਪਿੱਛੋਂ ਵੀ ਇਸ ਨੂੰ ਉਸ ਮਨੋਰਥ ਦੀ ਪੂਰਤੀ ਲਈ ਹੀ ਵਰਤਿਆ ਜਾ ਸਕਦਾ ਹੈ। ਗੁਰੂ ਕੀ ਗੋਲਕ ਤੇ ਗੁਰੂ ਕੇ ਲੰਗਰ ਸਬੰਧੀ ਪ੍ਰਥਾ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ਼ੁਰੂ ਕੀਤੀ ਗਈ ਸੀ। ਇਹ ਗੋਲਕ ਕਿਸ ਤਰ੍ਹਾਂ ਖਰਚ ਹੋਵੇ ਇਸ ਗੱਲ ਦਾ ਪਤਾ ਗੁਰਬਾਣੀ ਤੇ ਗੁਰੂ ਘਰ ਦੇ ਇਤਿਹਾਸ ਤੋਂ ਲੱਗ ਜਾਂਦਾ ਹੈ। ਗੁਰੂ ਕੀ ਗੋਲਕ ਦਾ ਇਕ ਬੰਧਾਨ ਹੈ ਜੋ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ ਵਿਚ ਉਚੇਚੀ ਥਾਂ ਰੱਖਦਾ ਹੈ ਪਰ ਇਸ ਬੰਧਾਨ ‘ਤੇ ਪੂਰੀ ਤਰ੍ਹਾਂ ਅਮਲ ਨਾ ਹੋਣਾ ਇਸ ਦਾ ਆਮ ਸੰਗਤਾਂ ਨੂੰ ਪਤਾ ਵੀ ਨਾ ਹੋਣਾ ਅਫਸੋਸ ਵਾਲੀ ਗੱਲ ਹੈ।
ਸਦਾ ਬਰਤ (ਲੰਗਰ) ਬਾਰੇ ਇਹ ਮਰਿਆਦਾ ਥਾਪੀ ਗਈ ਕਿ ਜਿਹੜਾ ਵੀ ਕੋਈ ਪ੍ਰਦੇਸੀ ਆਵੇ, ਭਾਵੇਂ ਉਹ ਯਾਤਰੂ ਹੋਵੇ, ਭਾਵੇਂ ਮੁਸਾਫਰ, ਭਾਵੇਂ ਸੰਤ ਹੋਵੇ, ਭਾਵੇਂ ਫਕੀਰ ਤੇ ਭਾਵੇਂ ਉਹ ਸਾਧਾਰਨ ਬੰਦਾ ਹੋਵੇ ਉਹ ਪਹਿਲੇ ਦਿਨ ਗੁਰੂ ਕੇ ਲੰਗਰੋਂ ਪ੍ਰਸਾਦਾ ਛਕੇ। ਜਿਹੜੇ ਬੰਦੇ ਸਰੀਰਾਂ ਤੋਂ ਨਕਾਰੇ ਹੋਣ ਤੇ ਆਪਣੇ ਨਿਰਵਾਹ ਲਈ ਆਪਣੀ ਰੋਜ਼ੀ ਆਪਣੇ ਸਰੀਰਾਂ ਦੀ ਸਿਥਿਲਤਾ, ਨਾਕਾਰਾਪਨ ਜਾਂ ਬੇਵੱਸੀ ਕਾਰਨ ਆਪ ਨਾ ਕਮਾ ਸਕਦੇ ਹੋਣ ਉਨ੍ਹਾਂ ਦੇ ਰੋਜ਼ੀਨੇ ਬੰਨ੍ਹ ਦਿੱਤੇ ਗਏ। ਜੋ ਰੋਜ਼ੀਨੇ (ਆਟਾ, ਦਾਲ ਤੇ ਘਿਓ) ਪਦਾਰਥਾਂ ਦੀ ਸ਼ਕਲ ਵਿਚ ਨਿਤਾਣੇ ਬੰਦਿਆਂ ਲਈ ਬੰਨ੍ਹੇ ਗਏ। ਉਹ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੋਦੀਖਾਨੇ ਤੋਂ ਲੈਣੇ ਹੁੰਦੇ ਹਨ। ਬੁੱਢੀਆਂ ਠੇਰੀਆਂ ਮਾਈਆਂ ਵਾਸਤੇ ਵੀ ਇਹ ਬੰਧਾਨ ਬੰਨ੍ਹਿਆ ਗਿਆ ਕਿ ਜਿਹੜੀ ਮਾਈ ਆਪਣੇ ਸਰੀਰਕ ਨਕਾਰਾਪਨ ਕਾਰਨ ਆਪਣੇ ਨਿਰਵਾਹ ਲਈ ਕੋਈ ਕਾਰ ਵਿਹਾਰ ਨਾ ਕਰ ਸਕਦੀ ਹੋਵੇ ਤੇ ਗੁਰੂ ਘਰ ਦੀ ਓਟ ਤੋਂ ਬਿਨਾਂ ਉਸ ਦਾ ਆਸਾਰ ਵੀ ਕੋਈ ਹੋਰ ਨਾ ਹੋਵੇ, ਉਹ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਤੋਂ ਭੋਜਨ ਲੈ ਕੇ ਆਪਣਾ ਜੀਵਨ ਨਿਰਬਾਹ ਕਰੇ।
ਇਸ ਬੰਧਾਨ ਦੀ ਬਹਾਲੀ ਸਮੇਂ ਸ੍ਰੀ ਦਰਬਾਰ ਸਾਹਿਬ ਦੀ ਚੜ੍ਹਤ ਦੀ ਬਚਤ ਦਸਵੇਂ ਪਾਤਸ਼ਾਹ ਦੇ ਦੋਹਾਂ ਮਹਿਲਾਂ ਮਾਤਾਂ ਜੀਆਂ ਪਾਸ ਹੋ ਸਕਦੀ ਸੀ। ਮਾਤਾ ਜੀਆਂ ਪਾਸ ਪਹੁੰਚਣ ਵਾਲੀ ਚੜ੍ਹਤ ਬਾਰੇ ਵੀ ਇਹ ਗੱਲ ਨਿਸ਼ਚਿਤ ਕੀਤੀ ਗਈ ਕਿ ਯਾਤਰੀਆਂ, ਮੁਸਾਫਰਾਂ ਦੇ ਸੀਧਿਆਂ ਤੇ ਪੱਕੇ ਭੋਜਨ ਦੇ ਖਰਚਾਂ, ਅਰਥੀਆਂ ਤੇ ਰੋਜ਼ੀਨਿਆਂ ਆਦਿ ਦੇ ਖਰਚਾਂ ਤੇ ਦਰੋਗਿਆਂ ਦੀਆਂ ਤਨਖਾਹਾਂ ਦੇ ਭੁਗਤਾਨ ਮਗਰੋਂ ਹੀ ਜੋ ਮਾਇਆ ਚੜ੍ਹਾਵੇ ਦੀ ਬਚੇ ਉਸ ਦੀ ਹੁੰਡੀ ਲਾਹੌਰ ਸ਼ਹਿਰੋਂ ਕਰਵਾ ਕੇ ਮਾਤਾ ਜੀਆਂ ਪਾਸ ਦਿੱਲੀ ਭੇਜੀ ਜਾਵੇ। ਇਸ ਬੰਧਾਨ ਦਾ ਪਤਾ ਜਿਉਂ-ਜਿਉਂ ਅੰਮ੍ਰਿਤਸਰ ਸ਼ਹਿਰ ਦੀ ਜਨਤਾ ਨੂੰ ਲੱਗਦਾ ਗਿਆ, ਤਿਉਂ-ਤਿਉਂ ਹਰ ਇੱਕ ਆਦਮੀ ਗੁਰੂ ਘਰ ਦੀਆਂ ਸਿਫਤਾਂ ਕਰਨ ਲੱਗਾ ਤੇ ਇਸ ਬੰਧਾਨ ‘ਤੇ ‘ਧੰਨ-ਧੰਨ ਗੁਰੂ ਘਰ’ ਕਹਿਣ ਲੱਗਾ।