ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨੇ ਨੇ ਪਾਕਪਟਨ ਛੱਡ ਦਿੱਤਾ ਅਤੇ ਮੁਲਤਾਨ ਦੇ ਸ਼ਹਿਰ ਤੁਲਾਂਬਾ ਪਹੁੰਚ ਗਏ। ਸੜਕ ਦੇ ਇੱਕ ਪਾਸੇ ਉਨ੍ਹਾਂ ਨੇ ਬਹੁਤ ਵੱਡੀ ਤੇ ਸੋਹਣੀ ਇਮਾਰਤ ਦੇਖੀ। ਸੱਜਣ ਜਿਸ ਦਾ ਅਸਲੀ ਨਾਂ ਸ਼ਖ ਸੀ, ਉਸ ਨੇ ਯਾਤਰੀਆਂ ਦੇ ਆਰਾਮ ਲਈ ਇਹ ਸਰ੍ਹਾਂ ਬਣਾਈ ਹੋਈ ਸੀ। ਇਥੇ ਹਰ ਮੁਸਾਫਰ ਨੂੰ ਮੁਫਤ ਭੋਜਨ ਤੇ ਰਿਹਾਇਸ਼ ਦਿੱਤੀ ਜਾਂਦੀ ਸੀ। ਹਿੰਦੂ ਤੇ ਮੁਸਲਮਾਨ ਦੋਵਾਂ ਨੂੰ ਇਹ ਸਹੂਲਤ ਪ੍ਰਦਾਨ ਕੀਤੀ ਜਾਂਦੀ ਸੀ। ਸ਼ੇਖ ਨੇ ਇਕ ਪਾਸੇ ਹਿੰਦੂ ਲਈ ਮੰਦਰ ਤੇ ਦੂਜੇ ਪਾਸੇ ਮਸਜਿਦ ਵੀ ਬਣਾਈ ਹੋਈ ਸ।
ਸ਼ੇਖ ਦਿਨ ਵੇਲੇ ਇਕ ਸੰਤ ਵਾਂਗ ਕੱਪੜੇ ਪਾਉਂਦਾ ਸੀ ਤੇ ਆਪਣੀ ਮਾਲਾ ਨਾਲ ਰੱਬ ਦੇ ਨਾਂ ਦਾ ਜਾਪ ਕਰਦਾ ਰਹਿੰਦਾ ਸੀ। ਹਰ ਕੋਈ ਉਸ ਨੂੰ ਸੱਜਣ ਕਹਿ ਕੇ ਬੁਲਾਉਂਦਾ ਸੀ। ਸੱਜਣ ਕੋਲ ਬਹੁਤ ਸਾਰੀ ਜ਼ਮੀਨ ਸੀ ਜਿਸ ਨੂੰ ਮਜ਼ਦੂਰਾਂ ਦੁਆਰਾ ਵਾਹਿਆ ਜਾਂਦਾ ਸੀ। ਜਦੋਂ ਕਿ ਉਸ ਦੀ ਆਮਦਨ ਲੁੱਟਾਂ-ਖੋਹਾਂ ਤੇ ਬੁਰੇ ਕੰਮਾਂ ਦੁਆਰਾ ਕਮਾਈ ਹੋ ਸੀ। ਉਹ ਰਾਤ ਦੌਰਾਨ ਯਾਤਰੀਆਂ ਨੂੰ ਮਾਰ ਦਿੰਦਾ ਤੇ ਉਨ੍ਹਾਂ ਨੂੰ ਇਕ ਖੂਹ ਵਿਚ ਸੁੱਟ ਕੇ ਉਨ੍ਹਾਂ ਦੇ ਸਮਾਨ ਨੂੰ ਕੋਲ ਰੱਖ ਲੈਂਦਾ।
ਇਹ ਵੀ ਪੜ੍ਹੋ : ਜਦੋਂ ਬਾਬੇ ਨਾਨਕ ਨੇ ਦੁਨੀ ਚੰਦ ਨੂੰ ਦੌਲਤ ਨੂੰ ਚੰਗੇ ਕੰਮ ‘ਤੇ ਲਗਾਉਣ ਦਾ ਦੱਸਿਆ ਰਾਹ
ਸੱਜਣ ਨੂੰ ਲੱਗਾ ਗੁਰੂ ਨਾਨਕ ਦੇਵ ਜੀ ਇੱਕ ਅਮੀਰ ਆਦਮੀ ਹਨ। ਉਸ ਨੇ ਗੁਰੂ ਜੀ ਅਤੇ ਭਾਈ ਮਰਦਾਨਾ ਨੂੰ ਭੋਜਨ ਦਿੱਤਾ ਤਾਂ ਜੋ ਉਨ੍ਹਾਂ ਨੂੰ ਸੱਜਣ ‘ਤੇ ਵਿਸ਼ਵਾਸ ਹੋ ਸਕੇ। ਗੁਰੂ ਜੀ ਨੇ ਵੀ ਭਾਂਪ ਲਿਆ ਕਿ ਉਸ ਦੇ ਦਿਮਾਗ ਵਿਚ ਬੁਰਾ ਵਿਚਾਰ ਚੱਲ ਰਿਹਾ ਹੈ। ਰਾਤ ਦੇ ਖਾਣੇ ਤੋਂ ਬਾਅਦ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਅੰਦਰ ਜਾ ਕੇ ਆਰਾਮ ਕਰ ਲਓ, ਰਾਤ ਬਹੁਤ ਹੋ ਚੁੱਕੀ ਹੈ। ਗੁਰੂ ਜੀ ਨੇ ਕਿਹਾ ਕਿ ਅਸੀਂ ਸੌਣ ਤੋਂ ਪਹਿਲਾਂ ਉਸਤਤ ਵਿਚ ਇੱਕ ਸ਼ਬਦ ਗਾਇਨ ਕਰਾਂਗ।
ਉਜਲ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ।। ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ।।
ਭਾਵ ਜੇਕਰ ਕੈਂਹ ਦੇ ਉਜਲੇ ਸਾਫ ਤੇ ਲਿਸ਼ਕਵਾਂ ਭਾਂਡੇ ਨੂੰ ਘਸਾਇਆ ਜਾਵੇ ਤਾਂ ਉਸ ਵਿਚੋਂ ਮਾੜੀ ਕਾਲੀ ਸਿਆਹੀ ਲੱਗੀ ਰਹਿ ਜਾਂਦੀ ਹੈ। ਜੇ ਮੈਂ ਸੌ ਵਾਰੀ ਵੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ ਤਾਂ ਉਸ ਦੀ ਅੰਦਰਲੀ ਕਾਲਖ ਦੀ ਜੂਠ ਦੂਰ ਨਹੀਂ ਹੁੰਦੀ। ਸੱਜਣ ਨੇ ਜਦੋਂ ਪੂਰੀ ਤਰ੍ਹਾਂ ਸ਼ਬਦ ਸੁਣਿਆ ਤਾਂ ਉਸ ਨੂੰ ਸ਼ੱਕ ਹੋਇਆ ਕਿ ਗੁਰੂ ਜੀ ਨੇ ਉਸ ਦੇ ਮਾੜ ਕਰਮਾਂ ਨੂੰ ਜਾਣ ਲਿਆ ਹੈ। ਤਾਂ ਸੱਜਣ ਗੁਰੂ ਜੀ ਦੇ ਪੈਰਾਂ ਵਿਚ ਡਿੱਗ ਪਿਆ ਤੇ ਮੁਆਫੀ ਮੰਗਣ ਲੱਗਾ। ਗੁਰੂ ਜੀ ਦੇ ਦੱਸੇ ਅਨੁਸਾਰ ਉਹ ਸਮਝ ਗਿਆ ਕਿ ਬਾਹਰੋਂ ਸੱਜਣ ਪੁਰਸ਼ ਦਾ ਭੇਖ ਬਣਾ ਕੇ ਮੈਂ ਧਾਰਮਿਕ ਨਹੀਂ ਹੋ ਸਕਦਾ ਸਗੋਂ ਮਾੜੇ ਕਰਮ ਛੱਡ ਕੇ ਆਪਣੇ ਅੰਦਰ ਸਦਗੁਣ ਧਾਰਨ ਕਰਕੇ ਹੀ ਧਰਮੀ ਤੇ ਸੱਜਣ ਬਣ ਸਕਦਾ ਹਾਂ।