ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਬੇਟੇ ਗੋਬਿੰਦ ਰਾਏ ਜੀ ਨੂੰ ਗੁਰਿਆਈ ਦੇ ਕੇ ਜੀਵਨ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਜੀ ਨੂੰ ਨਾਲ ਲੈ ਕੇ ਚੱਕ ਨਾਨਕੀ ਤੋਂ ਦਿੱਲੀ ਦੀ ਦਿਸ਼ਾ ਵੱਲ ਰਵਾਨਾ ਹੋ ਗਏ।
ਦਿੱਲੀ ‘ਚ ਤਾਕਤ ਵਿਚ ਨਸ਼ਿਆਏ ਅਤੇ ਮਜ਼੍ਹਬੀ ਜਨੂੰਨ ਵਿਚ ਅੰਨ੍ਹੇ ਮੁਗਲ ਅਧਿਕਾਰੀਆਂ ਨੇ ਗੁਰੂ ਜੀ ਤੇ ਉਨ੍ਹਾਂ ਦੇ ਸਿਦਕੀ ਸਿੱਖਾਂ ‘ਤੇ ਦਬਾਅ ਪਾਉਣਾ ਸ਼ੁਰੂ ਕੀਤਾ ਕਿ ਉਹ ਸਭ ਆਪਣਾ ਮਤ ਛੱਡ ਕੇ ਇਸਲਾਮ ਧਾਰਨ ਕਰ ਲੈਣ। ਕਦੀ ਲਾਲਚ ਦਿੱਤੇ ਜਾਂਦੇ, ਕਦੇ ਧਮਕੀਆਂ ਤੇ ਕਦੇ ਸਤਿਕਾਰ ਵਜੋਂ ਪੇਸ਼ ਆਇਆ ਜਾਂਦਾ ਤੇ ਕਦੇ ਤਸੀਹੇ ਦਿੱਤੇ ਜਾਂਦੇ ਪਰ ਗੁਰੂ ਜੀ ਨੇ ਉਨ੍ਹਾਂ ਦੇ ਸਿੱਖਾਂ ਦੇ ਹੌਸਲੇ ਚੱਟਾਨ ਵਾਂਗ ਅਡੌਲ ਸਨ। ਜਦੋਂ ਹਾਕਮਾਂ ਦੀ ਪੇਸ਼ ਨਾ ਆਈ ਤਾਂ ਉਨ੍ਹਾਂ ਨੇ ਗੁਰੂ ਜੀ ਨੂੰ ਜ਼ੋਰ ਪਾਇਆ ਜੇ ਜੇ ਉਹ ਫਕੀਰ ਹਨ ਤਾਂ ਕੋਈ ਕਰਾਮਾਤ ਦਿਖਾਉਣ।
ਗੁਰਮਤਿ ਵਿਚ ਕਰਾਮਾਤ ਕਹਿਰ ਸਮਝੀ ਜਾਂਦੀ ਹੈ। ਇਸ ਲਈ ਗੁਰੂ ਜੀ ਨੇ ਕਰਾਮਾਤ ਤੋਂ ਸਾਫ ਇਨਕਾਰ ਕਰ ਦਿੱਤਾ। ਜਦ ਸਰਕਾਰ ਦੀ ਕੋਈ ਕੋਸ਼ਿਸ਼ ਵੀ ਸਫਲ ਨਾ ਹੋਈ ਤਾਂ ਉਸ ਨੇ ਕਤਲ ਦੇ ਹੁਕਮ ਜਾਰੀ ਕਰ ਦਿੱਤੇ। ਗੁਰੂ ਜੀ ਦੀ ਹਜ਼ੂਰੀ ਵਿਚ ਪਹਿਲਾਂ ਉਨ੍ਹਾਂ ਦੇ ਤਿੰਨਾਂ ਪਿਆਰੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਅੱਗ ਲਾਈ ਗਈ ਤੇ ਭਾਈ ਦਿਆਲ ਜੀ ਨੂੰ ਦੇਗ ਵਿਚ ਉਬਾਲਿਆ ਗਿਆ। ਸਰਕਾਰ ਨੂੰ ਵਹਿਮ ਸੀ ਕਿ ਇੰਗੀਆਂ ਭਿਆਨਕ ਸਜ਼ਾਵਾਂ ਨਾਲ ਗੁਰੂ ਜੀ ਦਾ ਹੌਸਲਾ ਢਹਿ ਜਾਵੇਗਾ ਅਤੇ ਉਹ ਡੋਲ ਕੇ ਸਾਰੀਆਂ ਗੱਲਾਂ ਮੰਨ ਲੈਣਗੇ ਪਰ ਗੁਰੂ ਜੀ ਅਡੋਲ ਰਹੇ। ਅੰਤ ਨੂੰ ਜਲਾਦ ਦੀ ਤਲਵਾਰ ਗੁਰੂ ਜੀ ਦੇ ਪਵਿੱਤਰ ਸੀਸ ‘ਤੇ ਚੱਲੀ।
ਸ਼ਹੀਦੀ ਤੋਂ ਥੋੜ੍ਹੀ ਦੇਰ ਪਹਿਲਾਂ ਉਨ੍ਹਾਂ ਨੂੰ ਫਿਰ ਤੋਂ ਕਰਾਮਾਤ ਦਿਖਾਉਣ ਲਈ ਕਿਹਾ ਗਿਆ ਪਰ ਇਸ ਵਾਰ ਚੋਜੀ ਪਿਤਾ ਨੇ ਕਾਗਜ਼ ਉਤੇ ਕੁਝ ਲਿਖ ਕੇ ਆਪਣੀ ਪਗੜੀ ਦੀ ਕੰਨੀ ਬੰਨ੍ਹ ਦਿੱਤਾ ਤੇ ਕਹਿਣ ਲੱਗੇ ਇਸ ਕਾਗਜ਼ ਦੇ ਟੁਕੜੇ ਦਾ ਇਹ ਅਸਰ ਹੋਵੇਗਾ ਕਿ ਤੁਹਾਡੀ ਤਲਵਾਰ ਚੱਲੇਗੀ ਪਰ ਮੇਰੇ ਸੀਸ ‘ਤੇ ਇਸ ਦਾ ਕੋਈ ਅਸਰ ਨਹੀਂ ਹੋਵੇਗਾ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਇਸ ‘ਤੇ ਲਿਖਿਆ ਸੀ ‘ਸੀਸ ਦੇ ਦਿੱਤਾ ਪਰ ਸਿਰਰੁ ਨਾ ਦਿੱਤਾ।’
ਇਹ ਵੀ ਪੜ੍ਹੋ : ਸਵਰਗ ਦਾ ਲਾਲਚ ਦੇਣ ਵਾਲੇ ਜੋਗੀ ਨੂੰ ਭਾਈ ਤਿਲਕਾ ਜੀ ਦੀ ਪ੍ਰੇਰਣਾ ਨੇ ਬਣਾ ਦਿੱਤਾ ਗੁਰੂ ਹਰਗੋਬਿੰਦ ਜੀ ਦਾ ਸਿੱਖ