ਸੂਫੀ ਗਾਇਕ ਅਤੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਦੀ ਮਰਹੂਮ ਪਤਨੀ ਰੇਸ਼ਮ ਕੌਰ ਨੂੰ ਅੱਜ ਜਲੰਧਰ ਵਿਖੇ ਅੰਤਿਮ ਵਿਦਾਈ ਦਿੱਤੀ ਗਈ। ਜਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਾਹਿਬ ਵਿਖੇ ਭੋਗ ਪਾਏ ਗਏ, ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਸ ਤੋਂ ਪਹਿਲਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ ਜਿਨ੍ਹਾਂ ਵਿਚ ਪੰਜਾਬੀ ਕਲਾਕਾਰ ਬੀਨੂੰ ਢਿੱਲੋਂ, ਜੀ ਖਾਨ, ਕੇਐੱਸ. ਮੱਖਣ, ਕੌਰ ਬੀ, ਸਤਿੰਦਰ ਸੱਤੀ, ਅਮਰ ਨੂਰੀ, ਹੈੱਪੀ ਸੰਘਾ, ਗੁਰਪ੍ਰੀਤ ਸਿੰਘ ਘੁੱਗੀ ਦੇ ਨਾਂ ਸ਼ਾਮਲ ਹਨ। ਸਾਰਿਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਹੰਸ ਰਾਜ ਹੰਸ ਦੀ ਪਤਨੀ ਦੇ ਭੋਗ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ “ਹੰਸ ਰਾਜ ਹੰਸ ਨੇ ਸੰਘਰਸ਼ ਦੇ ਦੌਰ ‘ਚੋਂ ਲੰਘ ਕੇ ਇੰਨਾ ਵੱਡਾ ਮੁਕਾਮ ਹਾਸਿਲ ਕੀਤਾ, ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇੰਨਾ ਵੱਡਾ ਰੁਤਬਾ ਦਿੱਤਾ, ਇਸ ਸਭ ‘ਚ ਸਭ ਤੋਂ ਵੱਡਾ ਯੋਗਦਾਨ ਪਤਨੀ ਦਾ ਹੁੰਦਾ ਹੈ। ਰੇਸ਼ਮ ਕੌਰ ਜੀ ਦੇ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ।” ਦੱਸ ਦੇਈਏ ਕਿ ਹਾਲ ਹੀ ਵਿੱਚ ਉਨ੍ਹਾਂ ਦਾ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ।
ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਦੀ ਕੁੜਮਣੀ ਸੀ। ਦਲੇਰ ਮਹਿੰਦੀ ਦੀ ਧੀ ਅਜੀਤ ਕੌਰ ਦਾ ਵਿਆਹ ਰੇਸ਼ਮ ਕੌਰ ਦੇ ਬੇਟੇ ਨਵਰਾਜ ਹੰਸ ਨਾਲ ਹੋਇਆ ਹੈ। 18 ਅਪ੍ਰੈਲ ਨੂੰ ਹੰਸਰਾਜ ਹੰਸ ਦੇ ਵਿਆਹ ਦੀ ਵਰ੍ਹੇਗੰਢ ਹੈ। ਰੇਸ਼ਮ ਕੌਰ ਦੇ ਦਿਹਾਂਤ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ : 5-6 ਮਹੀਨੇ ਪਹਿਲਾਂ ਅਮਰੀਕਾ ਗਏ ਪੰਜਾਬੀ ਦੀ ਸੜਕ ਹਾ.ਦ/ਸੇ ‘ਚ ਮੌਤ, ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਜਾਣਕਾਰੀ ਮੁਤਾਬਕ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਪਿਛਲੇ ਕਾਫੀ ਸਮੇਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਉਹ ਕੁਝ ਸਮੇਂ ਤੋਂ ਜਲੰਧਰ ਦੇ ਟੈਗੋਰ ਹਸਪਤਾਲ ‘ਚ ਦਾਖਲ ਸੀ। ਹਾਲ ਹੀ ‘ਚ ਉਨ੍ਹਾਂ ਦੀ ਬੀਮਾਰੀ ਕਾਰਨ ਉਸ ਨੂੰ ਸਟੰਟ ਵੀ ਪਾਇਆ ਗਿਆ ਸੀ। ਇਸ ਤੋਂ ਬਾਅਦ ਵੀ ਉਸ ਨੂੰ ਬਹੁਤਾ ਫਰਕ ਨਹੀਂ ਪਿਆ। ਹੁਣ 62 ਸਾਲ ਦੀ ਉਮਰ ਵਿੱਚ ਉਸ ਨੇ ਆਖਰੀ ਸਾਹ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
