Idle Brain Devil’s : ਰੋਪੜ : ਇੰਟਰਨੈੱਟ ਜ਼ਰੀਏ ਜਿਥੇ ਲੋਕ ਬਹੁਤ ਚੰਗੀਆਂ ਗੱਲਾਂ ਸਿੱਖਦੇ ਹਨ, ਉਥੇ ਦੂਜੇ ਪਾਸੇ ਕੁਝ ਅਜਿਹੇ ਵੀ ਹਨ ਜੋ ਇਸ ਦਾ ਇਸਤੇਮਾਲ ਗਲਤ ਕੰਮਾਂ ਲਈ ਵੀ ਕਰਦੇ ਹਨ। ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਜਿਲ੍ਹਾ ਰੋਪੜ ਤੋਂ ਸਾਹਮਣੇ ਆਇਆ ਹੈ ਜਿਥੇ 3 ਦੋਸ਼ੀਆਂ ਨੇ ਯੂ ਟਿਊਬ ਤੋਂ ਸਿੱਖ ਕੇ ਜਾਅਲੀ ਨੋਟ ਬਣਾਏ ਤੇ ਉਨ੍ਹਾਂ ਨੂੰ ਮਾਰਕੀਟ ‘ਚ ਚਲਾਇਆ। ਰੋਪੜ ਪੁਲਿਸ ਦੀ ਸਪੈਸਲ ਬ੍ਰਾਂਚ ਨੇ ਜਾਅਲੀ ਨੋਟ ਬਣਾ ਕੇ ਮਾਰਕੀਟ ‘ਚ ਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ‘ਚ ਪੁਲਿਸ ਨੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ‘ਚੋਂ ਇੱਕ ਰੋਪੜ ਦਾ ਰਹਿਣ ਵਾਲਾ ਹੈ। ਦੋਸ਼ੀਆਂ ਤੋਂ 6 ਲੱਖ 60 ਹਜ਼ਾਰ ਰੁਪਏ ਦੇ 2-2 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ ਹੈ। ਡਾ. ਅਖਿਲ ਚੌਧਰੀ ਐੱਸ. ਐੱਸ. ਪੀ. ਰੋਪੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤੀਸ਼ ਕੁਮਾਰ ਉਪ ਪੁਲਿਸ ਕਪਤਾਨ (ਸਪੈਸ਼ਲ ਬ੍ਰਾਂਚ) ਦੀ ਦੇਖ-ਰੇਖ ‘ਚ ਇੰਚਾਰਜ ਸਪੈਸ਼ਲ ਬ੍ਰਾਂਚ ਤੇ ਥਾਣਾ ਸਿਟੀ ਰੋਪੜ ਦੀ ਪੁਲਿਸ ਪਾਰਟੀ ਵੱਲੋਂ ਨੰਦ ਲਾਲ ਉਪੜ ਨੰਦੂ ਨਿਵਾਸੀ ਬੇਲਾ ਰੋਡ ਰਾਮ ਨਗਰ ਰੋਪੜ, ਅਭੇ ਸਿੰਘ ਉਰਫ ਟੋਨੀ ਨਿਵਾਸੀ ਬੜੀ ਗਵਾਰ ਮੰਡੀ ਤੋਪਖਾਨਾ ਬਾਜ਼ਾਰ ਅੰਬਾਲਾ (ਹਰਿਾਣਾ) ਤੇ ਸੁਸ਼ੀਲ ਕੁਮਾਰ ਉੁਰਫ ਬੰਟੀ ਨਿਵਾਸੀ ਤੋਪਖਾਨਾ ਬਾਜ਼ਾਰ ਅੰਬਾਲਾ ਕੈਂਟ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 6 ਲੱਖ 50 ਹਜ਼ਾਰ ਰੁਪਏ ਦੇ 2-2 ਹਜ਼ਾਰ ਰੁਪਏ ਦੇ ਜਾਅਲੀ ਨੋਟ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 1 ਕਟਰ, 1 ਲੈਪਟਾਪ, 1 ਇਟਰਗਾ ਗੱਡੀ (ਐੱਚ. ਆਰ. 01 ਏ. ਐੱਫ. 9953) ਬਰਾਮਦ ਕੀਤੀ ਹੈ।
ਪੁਲਿਸ ਨੇ ਦੋਸ਼ੀਆਂ ਖਿਲਾਫ 489 ਏ, 489ਬੀ, 489ਡੀ ਤੇ 120 ਬੀ ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਜਲਦ ਹੀ ਨਵੇਂ ਖੁਲਾਸਿਆਂ ਦੀ ਸੰਭਾਵਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਬ੍ਰਾਂਚ ਦੇ ਡੀ. ਐੱਸ. ਪੀ. ਸਤੀਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਲਗਭਗ 8 ਮਹੀਨਿਆਂ ਤੋਂ ਇਹ ਕੰਮ ਕਰ ਰਹੇ ਸਨ। 8 ਮਹੀਨਿਆਂ ‘ਚ ਲਗਭਗ 12 ਲੱਖ ਰੁਪਏ ਦੇ ਜਾਅਲੀ ਨੋਟ ਬਣਾਏ ਹਨ। ਇਨ੍ਹਾਂ ‘ਚੋਂ 5.5 ਲੱਖ ਰੁਪਏ ਦੇ ਲਗਭਗ ਨੋਟ ਇਨ੍ਹਾਂ ਨੇ ਮਾਰਕੀਟ ‘ਚ ਪਹੁੰਚਾ ਦਿੱਤੇ ਹਨ।
ਦੋਸ਼ੀ ਅਭੇ ਸਿੰਘ ਉਰਫ ਟੋਨੀ ਨਿਵਾਸੀ ਅੰਬਾਲਾ ਇਥੇ ਮੋਬਾਈਲ ਫੋਨ ਠੀਕ ਕਰਨ ਦਾ ਕੰਮ ਕਰਦਾ ਹੈ। ਉਸ ਦੀ ਦੁਕਾਨ ਜ਼ਿਆਦਾ ਨਹੀਂ ਚੱਲਦੀ ਸੀ। ਇਸ ਤੋਂ ਬਾਅਦ ਉਸ ਨੇ ਮੋਬਾਈਲ ਰਾਹੀਂ ਯੂ ਟਿਊਬ ‘ਤੇ ਨਕਲੀ ਨੋਟ ਬਣਾਉਣ ਦੇ ਵੀਡੀਓ ਦੇਖੇ। ਇਸ ਕੰਮ ‘ਚ ਸੁਸ਼ੀਲ ਕੁਮਾਰ ਉਰਫ ਬੰਟੀ ਜੋ ਕਿ ਉਸ ਦਾ ਗੁਆਂਢੀ ਹੈ, ਨੂੰ ਵੀ ਆਪਣੇ ਨਾਲ ਇਸ ਕੰਮ ‘ਚ ਮਿਲਾ ਲਿਆ। ਰੋਪੜ ‘ਚ ਸਥਿਤ ਆਪਣੇ ਸਾਲੇ ਨੰਦ ਲਾਲ ਉਰਫ ਨੰਦੂ ਨੂੰ ਵੀ ਆਪਣਾ ਸਾਥੀ ਬਣਾ ਲਿਆ। ਅਭੈ ਸਿੰਘ ਦੀ ਦੁਕਾਨ ਦਾ ਕੰਮ ਤਾਂ ਪਹਿਲਾਂ ਹੀ ਡਾਵਾਂਡੋਲ ਸੀ। ਜਦੋਂ ਲੌਕਡਾਊਨ ਲੱਗ ਗਿਆ ਤਾਂ ਕੰਮ ਬਿਲਕੁਲ ਬੰਦ ਹੋ ਗਿਆ। ਤਿੰਨੋ ਦੋਸ਼ੀ 10 ਤੋਂ 12 ਤੱਕ ਹੀ ਪੜ੍ਹੇ ਹੋਏ ਹਨ। ਕਹਿੰਦੇ ਹਨ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ। ਕੰਮ ਨਾ ਹੋਣ ਕਾਰਨ ਇਨ੍ਹਾਂ ਸਾਰਿਆਂ ਨੇ ਮਿਲ ਕੇ ਜਾਅਲੀ ਨੋਟ ਬਣਾ ਕੇ ਮਾਰਕੀਟ ‘ਚ ਚਲਾਉਣ ਦੀ ਸਕੀਮ ਬਣਾਈ ਤੇ ਕੁਝ ਦੇਰ ਬਾਅਦ ਫੜੇ ਗਏ।