In Swachh Bharat : ਮੋਗਾ : ਸਵੱਛ ਭਾਰਤ ਮੁਹਿੰਮ ਬਾਰੇ ਲੋਕਾਂ ‘ਚ ਜਾਗਰੂਕਤਾ ਫੈਲਾਉਣ ਲਈ ਜਿਲ੍ਹਾ ਮੋਗਾ ਨੇ ਪੂਰੇ ਦੇਸ਼ ‘ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਲਈ ਡੀ. ਸੀ. ਸੰਦੀਪ ਹੰਸ ਨੂੰ 2 ਅਕਤੂਬਰ ਨੂੰ ‘ਸਵੱਛ ਭਾਰਤ ਮਿਸ਼ਨ’ ਦਿਵਸ ਮੌਕੇ ਭਾਰਤ ਸਰਕਾਰ ਦੇ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਵੱਲੋਂ 2 ਅਕਤੂਬਰ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਪੇਂਡੂ ਖੇਤਰਾਂ ‘ਚ ਰਹਿਣ ਵਾਲੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਨਾ ਹੈ। ਇਸ ਲਈ ਲੋਕਾਂ ਨੂੰ ਆਪਣੇ ਆਸ-ਪਾਸ ਸਫਾਈ ਰੱਖਣ ਅਤੇ ਪਖਾਨਿਆਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਜਲ ਸ਼ਕਤੀ ਮੰਤਰਾਲੇ ਵਲੋਂ ਤਿੰਨ ਵਰਗਾਂ (ਸਮੁੰਦਾਇਕ ਸ਼ੌਚਾਲਿਯ ਮੁਹਿੰਮ, ਗੰਦਗੀ ਮੁਕਤ ਭਾਰਤ, ਸਵੱਛ ਸੁੰਦਰ ਸਮੁੰਦਾਇਕ ਸ਼ੌਚਾਲਿਯ) ‘ਚ ਨਾਮਜ਼ਦਗੀ ਦੀ ਮੰਗ ਕੀਤੀ ਗਈ ਸੀ ਤੇ ਜਿਲ੍ਹਾ ਮੋਗਾ ਨੇ ਗੰਦਗੀ ਮੁਕਤ ਭਾਰਤ ਮੁਹਿੰਮ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਡੀ. ਸੀ. ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲੋਕਾਂ ਨੂੰ ਵਾਲ ਪੇਂਟਿੰਗ ਤੇ ਹੋਰ ਕਈ ਤਰ੍ਹਾਂ ਦੇ ਸਾਧਨਾਂ ਰਾਹੀਂ ਜਾਗਰੂਕ ਕੀਤਾ ਗਿਆ ਜਿਸ ਦੀ ਜਲ ਸ਼ਕਤੀ ਮੰਤਰਾਲੇ ਵਲੋਂ ਵੀ ਪ੍ਰਸ਼ੰਸਾ ਕੀਤੀ ਗਈ। ਸ. ਜਸਵਿੰਦਰ ਸਿੰਘ ਚਾਹਲ ਐਕਸੀਅਨ ਜਿਲ੍ਹਾ ਮੋਗਾ ਨੇ ਵੀ ਡੀ. ਸੀ. ਸੰਦੀਪ ਹੰਸ ਨੂੰ ਉਨ੍ਹਾਂ ਦੇ ਇਸ ਸ਼ਲਾਘਾਯੋਗ ਕੰਮ ਲਈ ਵਧਾਈ ਦਿੱਤੀ।