ਇੱਕ ਪਾਸੇ ਲਗਾਤਾਰ ਪੰਜਾਬੀ ਨੌਜਵਾਨ ਪਰਵਾਸ ਦਾ ਰੁੱਖ ਕਰ ਰਹੇ ਹਨ ਤੇ ਦੂਜੇ ਪਾਸੇ ਇਹੀ ਪਰਵਾਸ ਕਈ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਉਜਾੜਨ ਦੇ ਰਾਹ ਵੱਲ ਤੁਰਿਆ ਹੋਇਆ ਹੈ। ਜਿਸ ਤਰ੍ਹਾਂ ਪਿਛਲੇ ਕਈ ਦਿਨਾਂ ਤੋਂ ਅਮਰੀਕੀ ਸਰਕਾਰ ਵੱਲੋਂ ਆਪਣੇ ਫੌਜ਼ਦਾਰੀ ਜਹਾਜ਼ਾਂ ਵਿੱਚ ਜੰਜ਼ੀਰਾਂ ਨਾਲ ਬੰਨ੍ਹਕੇ ਪੰਜਾਬੀਆਂ ਨੂੰ ਡਿਪੋਰਟ ਕਰਕੇ ਵਾਪਸ ਆਪਣੇ ਦੇਸ਼ ਭੇਜਿਆ ਜਾ ਰਿਹਾ ਹੈ, ਇਸੇ ਤਰ੍ਹਾਂ ਅਰਬ ਦੇਸ਼ਾਂ ਦੇ ਵਿੱਚ ਲਗਾਤਾਰ ਪੰਜਾਬੀ ਨੌਜਵਾਨ ਲੜਕੀਆਂ ਦੇ ਨਾਲ ਤਸ਼ੱਦਦ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ ਅਤੇ ਹਰ ਵਾਰ ਦੀ ਤਰ੍ਹਾਂ ਸੰਤ ਸੀਚੇਵਾਲ ਜੀ ਵੱਲੋਂ ਇਹਨਾਂ ਨੌਜਵਾਨ ਲੜਕੀਆਂ ਨੂੰ ਬਚਾਉਣ ਦੇ ਲਈ ਲਗਾਤਾਰ ਯਤਨ ਵੀ ਕੀਤੇ ਜਾ ਰਹੇ ਹਨ, ਜੋ ਕਾਫੀ ਹੱਦ ਤੱਕ ਅਸਰਦਾਰ ਸਾਬਿਤ ਹੋ ਰਹੇ ਹਨ।
ਹੁਣ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਜ਼ਿਲ੍ਹੇ ਦੀ ਲਖੀ ਦਾ, ਜੋਕਿ ਦੋ ਸਾਲ ਪਹਿਲਾਂ ਮਸਕਟ (ਓਮਾਨ) ਵਿੱਚ ਚੰਗੇ ਭਵਿੱਖ ਲਈ ਗਈ ਸੀ ਅਤੇ ਅਰਬ ਦੇਸ਼ ਦੇ ਭਿਆਨਕ ਚੁੰਗਲ ਦਾ ਸ਼ਿਕਾਰ ਹੋ ਗਈ। ਪੀੜਤ ਕੁੜੀ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਦੱਸਿਆ ਕਿ ਉਸ ਨੂੰ 30 ਹਜ਼ਾਰ ਰੁਪਏ ਤਨਖਾਹ ਦਾ ਲਾਲਚ ਦੇ ਕੇ ਇਥੋਂ ਕਿਸੇ ਏਜੰਟ ਦੇ ਵੱਲੋਂ ਉੱਥੇ ਭੇਜ ਦਿੱਤਾ ਗਿਆ ਅਤੇ ਉਸ ਦੇ ਕੋਲੋਂ ਵਿਦੇਸ਼ ਜਾਣ ਦੇ ਨਾਮ ਤੇ 60 ਹਜ਼ਾਰ ਰੁਪਏ ਲੈ ਲਏ ਗਏ। ਪਰ ਉੱਥੇ ਜਾ ਕੇ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਇੱਥੇ ਕੰਮ ਕਰਨ ਦੇ ਲਈ ਨਹੀਂ ਭੇਜਿਆ ਗਿਆ, ਬਲਕਿ ਉਸ ਨੂੰ ਵੇਚ ਦਿੱਤਾ ਗਿਆ ਹੈ ਤਾਂ ਉਸਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ।
ਉਸ ਨੇ ਦੱਸਿਆ ਕਿ ਜਿਸ ਜਗ੍ਹਾ ਉਸ ਨੂੰ ਵੇਚਿਆ ਗਿਆ ਉੱਥੇ ਉਸ ਦੇ ਨਾਲ ਸਰੀਰਕ ਅਤੇ ਮਾਨਸਿਕ ਤੌਰ ‘ਤੇ ਬਹੁਤ ਜਿਆਦਾ ਤਸ਼ੱਦਦ ਕੀਤਾ ਜਾਂਦਾ ਸੀ। ਉਸ ਨੂੰ ਮਾਰਿਆ-ਕੁੱਟਿਆ ਜਾਂਦਾ ਅਤੇ ਉਸ ਦੇ ਨਾਲ ਛੇੜਖਾਨੀ ਵੀ ਕੀਤੀ ਜਾਂਦੀ ਅਤੇ ਨਾ ਹੀ ਉਸ ਨੂੰ ਸਮੇਂ ਸਿਰ ਖਾਣ ਲਈ ਕੁਝ ਦਿੱਤਾ ਜਾਂਦਾ ਸੀ। ਲੜਕੀ ਨੇ ਦੱਸਿਆ ਕਿ ਉਸ ਦੇ ਨਾਲ 50 ਤੋਂ ਵਧੇਰੇ ਹੋਰ ਵੀ ਲੜਕੀਆਂ ਸਨ ਜੋ ਇਸੇ ਹੀ ਤਸ਼ੱਦਦ ਦਾ ਸ਼ਿਕਾਰ ਹੋ ਰਹੀਆਂ ਹਨ।
ਉਸ ਨੇ ਕਿਹਾ ਕਿ ਸੰਤ ਸੀਚੇਵਾਲ ਜੀ ਦੇ ਯਤਨਾ ਸਦਕਾ ਹੀ ਉਸ ਦੀ ਘਰ ਵਾਪਸੀ ਹੋ ਸਕੀ ਹੈ, ਨਹੀਂ ਤਾਂ ਉਸ ਨੇ ਜਿਊਣ ਦੀ ਵੀ ਆਸ ਛੱਡ ਦਿੱਤੀ ਸੀ। ਪੀੜਤ ਲੜਕੀ ਨੇ ਦੱਸਿਆ ਕਿ ਉਸ ਨੇ ਪਿਛਲੇ 11 ਮਹੀਨਿਆਂ ਤੋਂ 50 ਤੋਂ ਵੱਧ ਲੜਕੀਆਂ ਦੀ ਹੱਡਬੀਤੀ ਸੁਣੀ ਹੈ, ਜਿਸ ਵਿੱਚ ਰੂਹ ਕੰਬਾਊ ਖੁਲਾਸੇ ਕੀਤੇ ਗਏ ਹਨ। ਉਸਨੇ ਦੱਸਿਆ ਕਿ ਉਥੋਂ ਦੇ ਲੋਕਾਂ ਦੇ ਵਿੱਚ ਇਨਸਾਨੀਅਤ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਅਤੇ ਉੱਥੇ ਪੰਜਾਬ ਦੀ ਹੀ ਇੱਕ ਕੁੜੀ, ਜਿਸ ਦੇ ਪੈਰ ਖਰਾਬ ਸਨ ਅਤੇ ਉਸਨੂੰ ਸਖਤ ਇਲਾਜ ਦੀ ਲੋੜ ਸੀ , ਉਸਨੂੰ ਵੀ ਇਹਨਾਂ ਦਰਿੰਦਿਆਂ ਦੇ ਵੱਲੋਂ ਬਖਸ਼ਿਆ ਨਹੀਂ ਗਿਆ ਅਤੇ ਉਸ ਦਾ ਇਲਾਜ ਕਰਾਉਣ ਦੀ ਬਜਾਏ ਉਸ ਨੂੰ ਚੋਰੀ ਦੇ ਇਲਜ਼ਾਮਾਂ ਹੇਠ ਜੇਲ੍ਹ ਵਿੱਚ ਭੇਜ ਦਿੱਤਾ ਗਿਆ।
ਪੀੜਿਤ ਲੜਕੀ ਨੇ ਪੰਜਾਬ ਦੀਆਂ ਨੌਜਵਾਨ ਕੁੜੀਆਂ ਨੂੰ ਰੋਂਦੇ ਹੋਏ ਇਹ ਅਪੀਲ ਕੀਤੀ ਹੈ ਕਿ ਕੋਈ ਵੀ ਲੜਕੀ ਪ੍ਰਵਾਸ ਦਾ ਰੁਖ਼ ਨਾ ਕਰੇ ਕਿਉਂਕਿ ਜਿਸ ਤਰ੍ਹਾਂ ਕੁੜੀਆਂ ਨਾਲ ਹੈਵਾਨੀਅਤ ਭਰੀਆਂ ਹੱਦਾਂ ਨੂੰ ਟੱਪਿਆ ਜਾ ਰਿਹਾ ਹੈ ਉਹ ਹਾਲਾਤ ਬੇਹੱਦ ਹੀ ਚਿੰਤਾਜਨਕ ਹਨ।
ਇਹ ਵੀ ਪੜ੍ਹੋ : MP ਅੰਮ੍ਰਿਤਪਾਲ ਸਿੰਘ ਨੇ ਕੀਤਾ ਹਾਈਕੋਰਟ ਦਾ ਰੁਖ਼, ਲੋਕ ਸਭਾ ਮੈਂਬਰਸ਼ਿਪ ‘ਤੇ ਮੰਡਰਾਇਆ ਖ਼.ਤ/ਰਾ!
ਇਸ ਦੌਰਾਨ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਸੀਚੇਵਾਲ ਜੀ ਨੇ ਕਿਹਾ ਕਿ ਜੋ ਹਾਲਾਤ ਇਸ ਵਕਤ ਪੰਜਾਬ ਦੇ ਨੌਜਵਾਨਾਂ ਦੇ ਲਈ ਪ੍ਰਵਾਸ ਨੂੰ ਲੈ ਕੇ ਬਣੇ ਹੋਏ ਹਨ ਉਹ ਬੇਹੱਦ ਹੀ ਚਿੰਤਾਜਨਕ ਹਨ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਇਹ ਸਮਝਣਾ ਪੈਣਾ ਹੈ ਕਿ ਜੇਕਰ ਉਹ ਪ੍ਰਵਾਸ ਦਾ ਰੁਖ਼ ਕਰਦੇ ਹਨ ਤਾਂ ਉਹਨਾਂ ਕੋਲ ਇੱਕ ਸਹੀ ਤਰੀਕਾ ਹੋਣਾ ਚਾਹੀਦਾ ਹੈ ਨਾ ਕਿ ਫਰਜ਼ੀ ਏਜੰਟਾ ਦੇ ਹੱਥੇ ਚੜ੍ਹ ਕੇ ਖੁਦ ਦੀ ਜ਼ਿੰਦਗੀ ਨੂੰ ਬਰਬਾਦ ਕਰਨਾ। ਉਹਨਾਂ ਕਿਹਾ ਕਿ ਉਹ ਪੰਜਾਬ ਭਰ ਦੇ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਹਨ ਕਿ ਜੇ ਉਹ ਵਿਦੇਸ਼ ਦਾ ਰੁਖ਼ ਕਰਦੇ ਹਨ ਤਾਂ ਸਹੀ ਢੰਗ ਦੇ ਨਾਲ ਹੀ ਕਰਨ ਤਾਂ ਜੋ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਣ ਅਤੇ ਇਹਨਾਂ ਵਿਦੇਸ਼ੀ ਚੁੰਗਲ ਤੋਂ ਬਚ ਸਕਣ।
ਵੀਡੀਓ ਲਈ ਕਲਿੱਕ ਕਰੋ -:
