ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦਾ ਅੰਤਿਮ ਪੜਾਅ ਸੰਪੂਰਨ ਹੋ ਗਿਆ ਹੈ। ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਇਥੇ ਪੁੱਜੀਆਂ ਹੋਈਆਂ ਹਨ। ਸੰਗਤਾਂ ਵੱਲੋਂ ਖੂਬ ਧੂਮਧਾਮ ਨਾਲ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ ਵੀ ਹੋਲੀ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੇ ਨਾਲ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੁੱਚੇ ਪੰਥ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ ਅਤੇ ਕੌਮ ਦੇ ਨਾਮ ਸੰਦੇਸ਼ ਦਿੱਤਾ।
ਅਖੀਰਲੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ, ਉਥੇ ਹੀ ਨਿਹੰਗ ਜਥੇਬੰਦੀਆਂ ਨੇ ਵੱਡੇ ਪੱਧਰ ‘ਤੇ ਹੋਲੇ ਮਹੱਲੇ ਨੂੰ ਸਜਾਇਆ। ਨਿਹੰਗ ਜਥੇਬੰਦੀ ਹਾਥੀਆਂ, ਘੋੜਿਆਂ, ਊਠਾਂ ਅਤੇ ਬਾਜ਼ਾਂ ਸਮੇਤ ਹਥਿਆਰਾਂ ਸਮੇਤ ਚਰਨ ਗੰਗਾ ਸਟੇਡੀਅਮ ਪਹੁੰਚੀ। ਇੱਥੇ ਪੁਰਾਤਨ ਅਤੇ ਵਿਰਾਸਤੀ ਖੇਡਾਂ ਖੇਡੀਆਂ ਜਾਂਦੀਆਂ ਸਨ।
ਉਥੇ ਹੀ ਆਪਣੇ ਸੰਦੇਸ਼ ਵਿਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰ-ਘਰ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ ਤੇ ਪੰਜਾਬ ਦੇ ਲੋਕ ਆਪਣੇ ਧੀਆਂ ਅਤੇ ਪੁੱਤਾਂ ਨੂੰ ਇਸ ਕੋਹੜ ਤੋਂ ਬਚਾਉਣ ਅਤੇ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਉਣ। ਉਨ੍ਹਾਂ ਕਿਹਾ ਕਿ ਨੌਜਵਾਨ ਸਸਤਰ ਵਿੱਦਿਆ ਸਿੱਖਣ ਬਾਣੇ ਅਤੇ ਬਾਣੀ ਦੇ ਧਾਰਨੀ ਬਣਨ। ਜਥੇਦਾਰ ਨੇ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਸਿੱਖਾਂ ‘ਚ ਫੁੱਟ ਪਾਉਣ ਦੀ ਕੋਸ਼ਿਸ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਲੋਕਾਂ ਨੂੰ ‘ਗ’ ਦੇ ਸ਼ਬਦ ਗੁਰਬਾਣੀ, ਗੁਰੂ ਘਰ ਅਤੇ ਗੱਤਕੇ ਨਾਲ ਜੁੜਨਾ ਚਾਹੀਦਾ ਹੈ ਤਾਂ ਫਿਰ ਸਾਨੂੰ ਕੋਈ ਤਾਕਤ ਤੋੜ ਨਹੀਂ ਸਕਦੀ।
ਗਿਆਨੀ ਕੁਲਦੀਪ ਸਿੰਘ ਨੇ ਅੱਗੇ ਕਿਹਾ ਕਿ ਅੱਜ ਦੇ ਸਮੇਂ ‘ਚ ਧਰਮ ਪਰਿਵਰਤਨ ਹੋ ਰਹੇ ਹਨ ਅਤੇ ਸਿੱਖੀ ਦੇ ਗੜ੍ਹ ਮਾਝੇ ਵਿਚ ਵੀ ਧਰਮ ਪਰਿਵਰਤਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਗੱਲ ਸਿਰਫ਼ ਧਰਮ ਪਰਿਵਰਤਨ ਦੀ ਨਹੀਂ, ਸਗੋਂ ਪੰਜਾਬ ਦੇ ਲੋਕਾਂ ਲਈ ਹੈ ਜੋ ਆਪਣੀ ਮਾਂ ਬੋਲੀ ਤੋਂ ਵੀ ਦੂਰ ਹੋ ਰਹੇ ਹਨ। ਜਥੇਦਾਰ ਨੇ ਕਿਹਾ ਕਿ ਪੰਜਾਬੀਆਂ ਨੇ ਜੇਕਰ ਕੋਈ ਪ੍ਰਾਪਤੀ ਕਰਨੀ ਹੈ ਤਾਂ ਸਾਰਿਆਂ ਨੂੰ ਇਕੱਠਿਆਂ ਹੋਣਾ ਪਵੇਗਾ।
ਵੀਡੀਓ ਲਈ ਕਲਿੱਕ ਕਰੋ -:
