Jathedar Gurcharan Singh Tohra : ਅੱਜ ਸਿੱਖ ਸਿਆਸਤ ਦੇ ਰੌਸ਼ਨ ਦਿਮਾਗ ਅਤੇ ਬੇਦਾਗ ਸਿਆਸਤਦਾਨ ਦੇ ਤੌਰ ਤੇ ਜਾਣੇ ਜਾਂਦੇ ਪੰਥ ਰਤਨ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਹੈ। ਗੁਰਚਰਨ ਸਿੰਘ ਟੌਹੜਾ ਇੱਕ ਇਮਾਨਦਾਰ, ਮਿਹਨਤੀ, ਦਿੜ ਇਰਾਦੇ ਵਾਲੇ ਅਤੇ ਬੇਬਾਕ ਸਿਆਸਤਦਾਨ ਦੇ ਤੌਰ ‘ਤੇ ਜਾਣੇ ਜਾਂਦੇ ਸਨ, ਜੋ ਕਿਸੇ ਵੀ ਵੱਡੇ ਤੋਂ ਵੱਡੇ ਵਿਅਕਤੀ ਦੇ ਸਾਹਮਣੇ ਸੱਚੀ ਗੱਲ ਕਹਿਣ ਦੀ ਜ਼ੁਅਰਤ ਰੱਖਦੇ ਸਨ। ਗੁਰਚਰਨ ਸਿੰਘ ਟੌਹੜਾ 27 ਸਾਲ ਤੱਕ ਸ਼ਰੋਮਣੀ ਗੁਰਦੁਆਰਾ ਪਬੰਧਕ ਕਮੇਟੀ ਦੇ ਪਧਾਨ ਵੀ ਰਹੇ ਸਨ, ਉਨ੍ਹਾਂ ਦਾ ਜੀਵਨ ਸਾਦਗੀ ਵਾਲਾ ਬੇਦਾਗ਼ ਸਿਆਸੀ ਜੀਵਨ ਰਿਹਾ ਸੀ। ਜਿਸ ਵੇਲੇ ਪੰਜਾਬ ਵਿੱਚ ਹਾਲਾਤ ਕੋਈ ਬਹੁਤੇ ਸਹੀ ਨਹੀਂ ਸਨ ਤਾਂ ਵੀ ਉਹ ਹਰ ਫੈਸਲਾ ਨਿਡਰ ਹੋ ਕੇ ਦਲੇਰੀ ਨਾਲ ਲੈਂਦੇ ਸਨ।
ਜੱਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਜਨਮ 24 ਸਤੰਬਰ 1924 ਨੂੰ ਹੋਇਆ ਸੀ। ਉਨ੍ਹਾਂ ਵਿੱਚ ਬਚਪਨ ਤੋਂ ਹੀ ਧਾਰਮਿਕ ਰੁਚੀ ਪ੍ਰਬਲ ਸੀ। ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਉਨ੍ਹਾਂ ਨੇ ਗਿਆਨੀ ਕੀਤੀ ਸੀ। ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਆਸਾ ਦੀ ਵਾਰ ਦਾ ਪਾਠ ਕੰਠ ਕਰ ਕੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਹੋਰ ਵੀ ਗੁਰਮਤਿ ਸਾਹਿਤ ਦਾ ਕਾਫ਼ੀ ਅਧਿਐਨ ਕੀਤਾ ਸੀ। ਉਨ੍ਹਾਂ ਨੇ ਅੰਮ੍ਰਿਤ-ਸੰਚਾਰ ਲਹਿਰ ਦੇ ਬਹੁਤ ਸਾਰੇ ਸਮਾਗਮਾਂ ਵਿੱਚ ਲਗਾਤਾਰ ਹਿੱਸਾ ਲਿਆ ਸੀ। ਜਥੇਦਾਰ ਟੌਹੜਾ 1938 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੇ ਸੀ। ਉਨ੍ਹਾਂ ਨੇ 1944 ਤੋਂ ਪੰਥਕ ਮੋਰਚਿਆਂ ਲਈ ਜੇਲ੍ਹ ਯਾਤਰਾ ਸ਼ੁਰੂ ਕੀਤੀ ਤੇ ਫਿਰ ਹਰ ਮੋਰਚੇ ਵਿੱਚ ਪਹਿਲੀ ਕਤਾਰ ’ਚ ਲੱਗ ਕੇ ਜੇਲ੍ਹ ਗਏ। ਉਨ੍ਹਾਂ ਨੂੰ 1942 ਵਿੱਚ ਜ਼ਿਲ੍ਹਾ ਅਕਾਲੀ ਜਥਾ ਫਤਹਿਗੜ੍ਹ ਸਾਹਿਬ ਦਾ ਪ੍ਰਧਾਨ ਵੀ ਚੁਣਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ 1947 ਵਿੱਚ ਪਟਿਆਲਾ ਜ਼ਿਲ੍ਹਾ ਅਕਾਲੀ ਜਥਾ ਦੇ ਪ੍ਰਧਾਨ ਚੁਣਿਆ ਗਿਆ ਅਤੇ 1948 ਵਿੱਚ ਰਿਆਸਤੀ ਅਕਾਲੀ ਦਲ ਦੇ ਸਕੱਤਰ।
ਜਿਸ ਤੋਂ ਬਾਅਦ ਇਹ ਸਫਰ ਨਿਰੰਤਰ ਜਾਰੀ ਰਿਹਾ। ਜੱਥੇਦਾਰ ਗੁਰਚਰਨ ਸਿੰਘ ਟੌਹੜਾ 1959 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੂਨੀਅਰ ਮੀਤ ਪ੍ਰਧਾਨ ਬਣੇ ਅਤੇ 1960 ਵਿੱਚ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੁਣੇ ਗਏ। ਜੱਥੇਦਾਰ ਗੁਰਚਰਨ ਸਿੰਘ ਟੌਹੜਾ 1969 ਤੋਂ 1976 ਤੱਕ ਅਤੇ ਫਿਰ 1980 ਤੋਂ 1988 ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ ਸਨ।
1998 ਤੋਂ ਬਾਅਦ ਉਹ ਫਿਰ ਲਗਾਤਾਰ ਰਾਜ ਸਭਾ ਦੇ ਮੈਂਬਰ ਰਹੇ ਸਨ। 1977 ਤੋਂ 1979 ਤੱਕ ਉਹ ਲੋਕ ਸਭਾ ਦੇ ਮੈਂਬਰ ਚੁਣੇ ਗਏ ਸੀ। ਜੱਥੇਦਾਰ ਗੁਰਚਰਨ ਸਿੰਘ ਟੌਹੜਾ ਹੋਰ ਵੀ ਅਨੇਕਾਂ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦੇ ਸਰਪਰਸਤ ਤੇ ਪ੍ਰਧਾਨ ਸਨ। 27-7-2003 ਨੂੰ ਅੰਤ੍ਰਿੰਗ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਬ- ਸੰਮਤੀ ਨਾਲ ਮੁੜ ਉਹਨਾਂ ਨੂੰ ਪ੍ਰਧਾਨ ਚੁਣ ਕੇ ਪੰਥਕ ਏਕਤਾ ਤੇ ਮੋਹਰ ਲਾਈ ਸੀ ਤੇ 15 ਨਵੰਬਰ 2003 ਨੂੰ ਇਸ ਤਰ੍ਹਾਂ ਜੱਥੇਦਾਰ ਟੌਹੜਾ ਸ਼੍ਰੋਮਣੀ ਕਮੇਟੀ ਦੇ 37 ਵੇਂ ਪ੍ਰਧਾਨ ਬਣੇ ਸੀ।