ludhiana female doctor dengue Amritsar: ਸੂਬੇ ‘ਚ ਜਿੱਥੇ ਪਹਿਲਾਂ ਕੋਰੋਨਾਵਾਇਰਸ ਨੇ ਕਾਫੀ ਖਤਰਨਾਕ ਰੂਪ ਧਾਰਿਆ ਹੋਇਆ ਹੈ, ਉੱਥੇ ਹੀ ਹੁਣ ਡੇਂਗੂ ਬਿਮਾਰੀ ਦੀ ਦਸਤਕ ਨੇ ਵੀ ਸਿਹਤ ਵਿਭਾਗ ਲਈ ਚਿੰਤਾ ਪੈਦਾ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਅਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲਾ ‘ਚ ਇੰਟਰਨਸ਼ਿਪ ਕਰ ਰਹੀ ਲੁਧਿਆਣਾ ਦੀ ਇਕ ਮਹਿਲਾ ਡਾਕਟਰ ਡੇਂਗੂ ਪਾਜ਼ੀਟਿਵ ਪਾਈ ਗਈ ਹੈ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਬੀਤੇ ਦਿਨ ਭਾਵ ਸੋਮਵਾਰ ਨੂੰ ਬੁਖਾਰ ਕਾਰਨ ਉਸ ਨੇ ਸਿਵਲ ਹਸਪਤਾਲ ਅਮ੍ਰਿਤਸਰ ਤੋਂ ਰੈਪਿਡ ਟੈਸਟ ਕਰਵਾਇਆ, ਜਿਸ ‘ਚ ਉਹ ਡੇਂਗੂ ਪਾਜ਼ੀਟਿਵ ਪਾਈ ਗਈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਇਕ ਹਫਤਾ ਪਹਿਲਾਂ ਹੀ ਅਮ੍ਰਿਤਸਰ ਆਈ ਸੀ।
ਦੱਸਣਯੋਗ ਹੈ ਕਿ ਕੋਰੋਨਾ ਸੰਕਟ ‘ਚ ਮਾਨਸੂਨ ਦੇ ਨਾਲ ਹੀ ਡੇਂਗੂ ਬੀਮਾਰੀ ਵੀ ਦਸਤਕ ਦੇਣ ਲੱਗੀ ਹੈ। ਕੋਰੋਨਾ ਦੇ ਨਾਲ ਸਿਹਤ ਵਿਭਾਗ ਨੂੰ ਡੇਂਗੂ ਫੈਲਣ ਦਾ ਡਰ ਸਤਾਉਣ ਲੱਗਿਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਕੋਰੋਨਾ ਨੂੰ ਹਰਾਉਣ ‘ਚ ਜੁੱਟੀਆਂ ਹੋਈਆਂ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀਆਂ ਟੀਮਾਂ ਦੇ ਕੀਤੇ ਗਏ ਸਰਵੇ ‘ਚ ਹੁਣ ਤੱਕ 25 ਥਾਵਾਂ ‘ਤੇ ਡੇਂਗੂ ਦਾ ਲਾਰਵਾ ਮਿਲ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਭਗਤਾਂਵਾਲਾ ਇਲਾਕੇ ‘ਚ ਰਹਿਣ ਵਾਲਾ ਇਕ ਸਖਸ਼ ਮਲੇਰੀਆ ਨਾਲ ਪੀੜਤ ਮਿਲਿਆ ਹੈ। ਉਸ ਦੇ ਇਲਾਜ ਲਈ ਈ.ਐੱਸ.ਆਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਨਵਦੀਪ ਸਿੰਘ ਨੇ ਕੀਤੀ।