ਸੂਬੇ ਦੇ ਵਿੱਚ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਹੀ ਜਾ ਰਹੀਆਂ ਹਨ। ਇਸੇ ਤਰਾਂ ਦਿਨ ਦਿਹਾੜੇ ਗੁੰਡਾਗਰਦੀ ਦਾ ਮਾਮਲਾ ਕਸਬਾ ਭਿੱਖੀਵਿੰਡ ਤੋਂ ਸਾਹਮਣੇ ਆਇਆ ਹੈ। ਭਿੱਖੀਵਿੰਡ ਵਿੱਚ ਅੱਜ ਉਸ ਵੇਲੇ ਦਹਿਸ਼ਤ ਫੈਲ ਗਈ ਜਦੋ ਪੱਟੀ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਚੱਲ ਰਹੇ ਕ੍ਰਿਕਟ ਟੂਰਨਾਮੈਂਟ ਦੌਰਾਨ ਇੱਕ ਲੜਕੇ ਨੂੰ ਉਸਦੇ ਕੁੱਝ ਜਾਨਣ ਵਾਲਿਆਂ ਨੇ ਹੀ ਰੰਜਿਸ਼ ਕਾਰਨ ਫਾਇਰ ਕਰਕੇ ਅਗਵਾ ਕਰ ਲਿਆ।
ਲੜਕੇ ਨੂੰ ਅਗਵਾ ਕਰਨ ਤੋਂ ਬਾਅਦ ਪੱਟੀ ਰੋਡ ਸਥਿਤ ਪਾਮ ਗਾਰਡਨ ਦੇ ਨਜ਼ਦੀਕ ਸਿਰ ਵਿੱਚ ਭਾਰੀ ਸੱਟਾਂ ਮਾਰ ਕੇ ਗੱਡੀ ਤੋਂ ਬਾਹਰ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਜ਼ਖ਼ਮੀ ਹਾਲਤ ਵਿੱਚ ਪੁਲਸ ਥਾਣਾ ਭਿੱਖੀਵਿੰਡ ਪਹੁੰਚੇ ਵਰੁਣ ਕੁਮਾਰ ਨੇ ਦੱਸਿਆ ਕਿ ਮੇਰੇ ਹੀ ਕੁੱਝ ਚਾਰ ਪੰਜ ਦੋਸਤਾਂ ਅਤੇ ਅਣਪਛਾਤੇ ਵਿਅਕਤੀਆਂ ਨੇ ਅੱਜ ਮੈਨੂੰ ਚਲਦੇ ਕ੍ਰਿਕਟ ਮੈਚ ਦੌਰਾਨ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਮੇਰੇ ਕੋਲ ਹੋਰ ਪੱਚੀ ਤੀਹ ਵਿਅਕਤੀ ਮੌਜੂਦ ਸਨ। ਮੈਨੂੰ ਉਕਤ ਵਿਅਕਤੀਆਂ ਆਪਣੇ ਨਾਲ ਗੱਡੀ ਵਿੱਚ ਬੈਠਣ ਲਈ ਕਿਹਾ, ਪਰ ਮੈਂ ਜਦੋਂ ਗੱਡੀ ਵਿੱਚ ਬੈਠਣ ਤੋਂ ਇਨਕਾਰ ਕਰ ਦਿੱਤਾ ਤਾਂ ਗੱਡੀ ਵਿੱਚੋਂ ਉਤਰੇ ਇੱਕ ਲੜਕੇ ਨੇ ਦੋ ਫਾਇਰ ਕੀਤੇ ਅਤੇ ਫਾਇਰ ਕਰਨ ਤੋਂ ਬਾਅਦ ਮੇਰੇ ਨਜ਼ਦੀਕ ਖੜ੍ਹੇ ਬਾਕੀ ਲੋਕ ਡਰ ਗਏ ਅਤੇ ਪਿੱਛੇ ਹੱਟ ਗਏ।
ਵਰੁਣ ਨੇ ਕਿਹਾ ਉਸ ਤੋਂ ਬਾਅਦ ਇੱਕ ਹੋਰ ਲੜਕਾ ਗੱਡੀ ‘ਚੋਂ ਉਤਰਿਆ ਅਤੇ ਦੋ ਫਾਇਰ ਹੋਰ ਕੀਤੇ ਅਤੇ ਮੈਨੂੰ ਜਬਰੀ ਗੱਡੀ ਵਿੱਚ ਸੁੱਟ ਲਿਆ ਅਤੇ ਮੇਰੇ ਸਿਰ ਵਿੱਚ ਪਿਸਤੌਲ ਦੇ ਬੱਟ ਅਤੇ ਕੜੇ ਆਦਿ ਮਾਰ ਕੇ ਜ਼ਖ਼ਮੀ ਕਰ ਦਿੱਤਾ, ਫਿਰ ਕੁੱਟਮਾਰ ਤੋਂ ਬਾਅਦ ਪਾਮ ਗਾਰਡਨ ਪੱਟੀ ਰੋਡ ਨੇੜੇ ਗੱਡੀ ਚੋਂ ਬਾਹਰ ਸੁੱਟ ਦਿੱਤਾ। ਵਰੁਣ ਕੁਮਾਰ ਨੇ ਦੱਸਿਆ ਕਿ ਇਹ ਵਿਅਕਤੀ ਮੇਰੇ ਜਾਨਣ ਵਾਲੇ ਸਨ ਅਤੇ ਪਿਛਲੇ ਦਿਨੀਂ ਅਸੀਂ ਸਾਰੇ ਅੰਮ੍ਰਿਤਸਰ ਵਿੱਚ ਇੱਕ ਹੋਟਲ ਵਿੱਚ ਗਏ ਸੀ ਜਿੱਥੇ ਇਨ੍ਹਾਂ ਦਾ ਹੋਟਲ ਦੇ ਮੈਨੇਜਰ ਨਾਲ ਝਗੜਾ ਹੋ ਗਿਆ ਅਤੇ ਮੈਨੂੰ ਲੱਗਾ ਕਿ ਗ਼ਲਤੀ ਇਹਨਾਂ ਦੀ ਹੈ ਮੈਂ ਉਸ ਝਗੜੇ ਵਿੱਚ ਨਹੀਂ ਪਿਆ ਅਤੇ ਵਾਪਿਸ ਆ ਗਿਆ ਅਤੇ ਜਿਸ ਕਾਰਨ ਇਨ੍ਹਾਂ ਨੇ ਮੈਨੂੰ ਧਮਕੀਆਂ ਦਿੱਤੀਆਂ।
ਇਹ ਵੀ ਪੜ੍ਹੋ : ਖਾਣਪੀਣ ਅਤੇ ਆਪਣੇ ਘਮੰਡੀ ਰਵੱਈਏ ਕਾਰਨ ਪੰਜਾਬ COVID ਮੌਤਾਂ ‘ਚ ਸਭ ਤੋਂ ਅੱਗੇ
ਵਰੁਣ ਨੇ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਰੰਜਿਸ਼ ਤਹਿਤ ਅੱਜ ਮੈਨੂੰ ਜਬਰੀ ਅਗਵਾ ਕਰਕੇ ਕੁੱਟਮਾਰ ਕੀਤੀ ਹੈ। ਵਰੁਣ ਕੁਮਾਰ ਨੇ ਪੁਲਸ ਥਾਣਾ ਭਿੱਖੀਵਿੰਡ ਵਿਖੇ ਦਿੱਤੀ ਦਰਖਾਸਤ ਵਿੱਚ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸੰਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਵਰੁਨ ਕੁਮਾਰ ਵੱਲੋਂ ਮੈਨੂੰ ਲਿਖਤੀ ਦਰਖਾਸਤ ਦਿੱਤੀ ਗਈ ਹੈ ਪੜਤਾਲ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ।
ਇਹ ਵੀ ਦੇਖੋ : ਸਿਆਸਤ ‘ਚ ਆਉਣ ਨੂੰ ਲੈ ਕੇ Deep Sidhu ਦਾ ਵੱਡਾ ਬਿਆਨ, ਨਾਮ ਨਾਲ ਲੱਗੇ ਸੰਤ ਭਿੰਡਰਾਂਵਾਲਿਆਂ ਦੇ ਟੈਗ ‘ਤੇ ਵੀ ਬੋਲੇ?