Amritsar doctors undergo negligent operation: ਪੰਜਾਬ ਦੇ ਸਿਵਲ ਹਸਪਤਾਲ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਦੇ ਕਾਰਨ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਸ ਸਮੇ ਹੁਣ ਅੰਮ੍ਰਿਤਸਰ ਦਾ ਸਿਵਲ ਹਸਪਤਾਲ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਹੈ। ਦਰਅਸਲ ਚਰਚਾ ਦਾ ਕਾਰਨ ਇਹ ਹੈ ਕਿ ਇੱਥੇ ਇੱਕ ਔਰਤ ਦੇ ਪਿੱਤੇ ਦੀ ਪੱਥਰੀ ਦਾ ਅਪਰੇਸ਼ਨ ਕੀਤਾ ਗਿਆ ਸੀ, ਅਤੇ ਡਾਕਟਰਾਂ ਦੇ ਵਲੋਂ ਅਪਰੇਸ਼ਨ ਦੇ ਦੌਰਾਨ ਔਰਤ ਦੇ ਢਿੱਡ ਵਿੱਚ ਪੱਟੀਆਂ ਅਤੇ ਰੂੰ ਛੱਡ ਦਿੱਤੀ ਗਈ ਸੀ। ਪਿੰਡ ਹਰਸ਼ਾ ਛੀਨਾ ਦੀ ਵਸਨੀਕ ਸੁਰਜੀਤ ਕੌਰ ਨੇ ਜੁਲਾਈ ਮਹੀਨੇ ‘ਚ ਸਿਵਲ ਹਸਪਤਾਲ ਤੋਂ ਅਪਰੇਸ਼ਨ ਕਰਵਾਇਆ ਸੀ, ਅਪਰੇਸ਼ਨ ਤੋਂ ਬਾਅਦ ਮਹਿਲਾ ਲਗਾਤਾਰ ਪੇਟ ਦਰਦ ਸਹਿਣ ਕਰਨ ਲਈ ਮਜਬੂਰ ਹੋ ਗਈ। ਜਿਸ ਤੋਂ ਬਾਅਦ ਮਹਿਲਾ ਨੇ ਅਨੇਕਾਂ ਵਾਰ ਸਿਵਲ ਹਸਪਤਾਲ ਵਿੱਚ ਗੇੜੇ ਲਗਾਏ ਪਰ ਉਸ ਨੂੰ ਕੋਈ ਰਾਹਤ ਨਾ ਮਿਲੀ।
ਪਰ ਜਦੋਂ ਦਵਾਈਆਂ ਖਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਦਰਦ ਤੋਂ ਰਾਹਤ ਨਾ ਮਿਲੀ ਤਾਂ ਐਕਸਰੇ ਅਤੇ ਅਲਟਰਾ ਸਾਊਂਡ ਕਰਵਾਉਣ ‘ਤੇ ਪੱਟੀਆਂ ਅਤੇ ਰੂੰ ਪੇਟ ਵਿੱਚ ਹੋਣ ਸਬੰਧੀ ਪਤਾ ਲੱਗਿਆ। ਮਹਿਲਾ ਨੇ ਕਿਹਾ ਕਿ ਉਸ ਨੇ 6 ਮਹੀਨੇ ਪਹਿਲਾ ਅਪਰੇਸ਼ਨ ਕਰਵਾਇਆ ਸੀ। ਮਹਿਲਾ ਨੇ ਕਿਹਾ ਕਿ ਜਦੋਂ ਲਗਾਤਾਰ ਪੇਟ ਦਰਦ ਹੋਣ ਲੱਗਾ ਤਾ ਉਸਨੇ ਸਿਵਲ ਹਸਪਤਾਲ ਵਿੱਚ ਗੇੜੇ ਲਗਾਏ ਪਰ ਡਾਕਟਰਾਂ ਵਲੋਂ ਉਸ ਦੀ ਸੁਣਵਾਈ ਨਹੀਂ ਕੀਤੀ ਗਈ। ਮਹਿਲਾ ਨੇ ਦੱਸਿਆ ਕਿ ਉਸ ਨੇ ਡਾਕਟਰਾਂ ਦੇ ਕਹਿਣ ‘ਤੇ ਲਗਾਤਾਰ ਚਾਰ ਮਹੀਨੇ ਦਵਾਈ ਖਾਦੀ ਪਰ ਦਰਦ ਤੋਂ ਰਾਹਤ ਨਾ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਹੀ ਐਕਸਰਾ ਕਰਵਾਇਆ ਅਤੇ ਪੇਟ ਵਿੱਚ ਪੱਟੀਆਂ ਅਤੇ ਰੂੰ ਹੋਣ ਦਾ ਪਤਾ ਲੱਗਾ।
ਸੁਰਜੀਤ ਕੌਰ ਦੇ ਪਤੀ ਸਰਵਣ ਸਿੰਘ ਅਨੁਸਾਰ ਡਾਕਟਰਾਂ ਵਲੋਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ, ਬਲਕਿ ਧਮਕਾ ਕੇ ਮਾਮਲਾ ਰਫ਼ਾ ਦਫਾ ਕਰਨ ਲਈ ਕਿਹਾ ਗਿਆ। ਹੁਣ ਮਹਿਲਾ ਨੂੰ ਗੁਰੂ ਨਾਨਕ ਹਸਪਤਾਲ ਰੈਫਰ ਕੀਤਾ ਗਿਆ ਹੈ ਜਿਥੇ ਉਸ ਦਾ ਇਲਾਜ ਕੀਤਾ ਜਾਵੇਗਾ। ਉਧਰ ਸਿਵਲ ਹਸਪਤਾਲ ਦੇ ਡਾਕਟਰ ਅਰਸ਼ਦੀਪ ਸਿੰਘ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਐਮ ਆਰ ਆਈ ਕਰਵਾ ਕੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਹੈ।