Golden Temple decorated with flowers: ਪਵਿੱਤਰ ਨਗਰੀ ਵਸਾਉਣ ਵਾਲੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਜ਼ੋਰਾਂ ਸ਼ੋਰਾਂ ਨਾਲ ਮਨਾਇਆ ਜਾ ਰਿਹਾ ਹੈ । ਇਸੇ ਸਬੰਧ ਵਿੱਚ ਸ਼ਰਧਾ ਦੀ ਬੇਮਿਸਾਲ ਉਦਾਹਰਣ ਦੇਖਣ ਨੂੰ ਮਿਲੀ ਫੁੱਲਾਂ ਦੀ ਸਜਾਵਟ ਦੇ ਰੂਪ ਵਿੱਚ। ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਿਰ ਸਾਹਿਬ ਤੇ ਅਕਾਲ ਤਖਤ ਸਾਹਿਬ ਦਾ ਬੇਹੱਦ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਇਹ ਨਜ਼ਾਰਾ ਮੁੰਬਈ ਦੀ ਸੰਗਤ ਦੀ ਤਿੰਨ ਦਿਨਾਂ ਦੀ ਮਿਹਨਤ ਦਾ ਨਤੀਜਾ ਹੈ। ਮੁੰਬਈ ਦੇ 100 ਤੋਂ ਵੱਧ ਸ਼ਰਧਾਲੂ ਪਿਛਲੇ 2 ਦਿਨਾਂ ਤੋਂ ਤਰ੍ਹਾਂ-ਤਰ੍ਹਾਂ ਦੇ ਫੁੱਲਾਂ ਨਾਲ ਦਰਬਾਰ ਸਾਹਿਬ ਨੂੰ ਸਜਾ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਥਾਈਲੈਂਡ, ਪੋਲੈਂਡ, ਕੋਲਕਾਤਾ ਤੇ ਦਿੱਲੀ ਤੋਂ ਪਹੁੰਚੇ ਫੁੱਲਾਂ ਨਾਲ ਸ੍ਰੀ ਦਰਬਾਰ ਸਾਹਿਬ ਦੀ ਸਜਾਵਟ ਕੀਤੀ ਗਈ ਹੈ। ਇਸ ਬਾਰੇ ਗੱਲ ਕਰਦਿਆਂ ਸ਼ਰਧਾਲੂ ਨੇ ਦੱਸਿਆ ਕਿ ਇਹ ਸੇਵਾ ਮੁੰਬਈ ਦੀ ਸੰਗਤ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੱਖ-ਵੱਖ ਥਾਵਾਂ ਤੋਂ ਫੁੱਲ ਲਿਆ ਕ ਭੇਂਟ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ 80 ਕਾਰੀਗਰ ਤੇ 100 ਤੋਂ ਵੱਧ ਸ਼ਰਧਾਲੂ ਮੁੰਬਈ ਤੋਂ ਆ ਕੇ ਇਹ ਸੇਵਾ ਨਿਭਾਉਂਦੇ ਹਨ।
ਇਸ ਸਬੰਧੀ ਕਾਰੀਗਰ ਨੇ ਗੱਲ ਕਰਦਿਆਂ ਦੱਸਿਆ ਕਿ ਉਹ ਹਰ ਸਾਲ ਇੱਥੇ ਸਜਾਵਟ ਲਈ ਆਉਂਦੇ ਹਨ ਤੇ ਵੱਖ-ਵੱਖ ਫੁੱਲਾਂ ਨਾਲ ਸ੍ਰੀ ਦਰਬਾਰ ਸਾਹਿਬ ਦੀ ਸਜਾਵਟ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰ ਸਾਲ ਇਥੇ ਆ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗਦਾ ਹੈ। ਦੱਸ ਦੇਈਏ ਕਿ ਇਹ ਸੁੰਦਰ ਸਜਾਵਟ ਸ੍ਰੀ ਦਰਬਾਰ ਸਾਹਿਬ ਦੀ ਸੁੰਦਰਤਾ ਵਿੱਚ ਹੋਰ ਚਾਰ ਚੰਨ ਲਗਾ ਰਹੀ ਹੈ।