ਬਰਨਾਲਾ: ਪੰਜਾਬ ਦੇ ਨੌਜਵਾਨ ਮਾੜੇ ਸਿਸਟਮ ਅਤੇ ਬੇਰੁਜ਼ਗਾਰੀ ਤੋਂ ਦੁਖੀ ਹੋ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਉੱਚ ਵਿੱਦਿਆ ਪ੍ਰਾਪਤ ਕਰਕੇ ਨੌਜਵਾਨ ਲੱਖਾਂ ਰੁਪਏ ਖ਼ਰਚ ਕਰਕੇ ਕੈਨੇਡਾ, ਅਮਰੀਕਾ ਅਤੇ ਹੋਰ ਦੇਸਾਂ ਨੂੰ ਜਾ ਰਹੇ ਹਨ। ਪਰ ਕੁੱਝ ਸਿਰੜੀ ਨੌਜਵਾਨ ਇਸ ਸਿਸਟਮ ਵਿੱਚ ਵੀ ਤਰੱਕੀ ਹਾਸਲ ਕਰ ਰਹੇ ਹਨ। ਜਿਹਨਾਂ ਵਿੱਚੋਂ ਬਰਨਾਲਾ ਜ਼ਿਲ੍ਹੇ ਦਾ ਇੱਕ ਨੌਜਵਾਨ ਜਗਜੀਤ ਸਿੰਘ ਹੈ। ਜੋ ਪੜ੍ਹਾਈ ਦੇ ਨਾਲ-ਨਾਲ ਲੱਖਾਂ ਰੁਪਏ ਦੀ ਕਮਾਈ ਕਰ ਰਿਹਾ ਹੈ। ਜਗਜੀਤ ਸਿੰਘ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਹੈ। ਉਸਦਾ ਪਿਤਾ ਪਹਿਲਾਂ ਦੇਸੀ ਚੂਚੇ ਵੇਚਣ ਦਾ ਕੰਮ ਕਰ ਰਿਹਾ ਸੀ ਅਤੇ 20 ਸਾਲ ਇਹ ਕੰਮ ਕੀਤਾ। ਜਿਸਤੋਂ ਬਾਅਦ ਉਸਦੇ ਦਿਮਾਗ ਵਿੱਚ ਇਹ ਆਈਡੀਆ ਆਇਆ ਕਿ ਖ਼ੁਦ ਦਾ ਹੈਚਰੀ ਫ਼ਾਰਮ ਲਗਾ ਕੇ ਕੰਮ ਕੀਤਾ ਜਾ ਰਿਹਾ ਹੈ। ਉਸਨੇ ਸ਼ੁਰੂਆਤੀ ਦੌਰ ’ਚ ਛੋਟਾ ਹੈਚਰੀ ਫ਼ਾਰਮ ਲਗਾਇਆ। ਜੋ ਸਫ਼ਲ ਰਿਹਾ। ਇਸ ਉਪਰੰਤ ਉਹਨਾਂ ਨੇ ਇਸ ਹੈਚਰੀ ਫ਼ਾਰਮ ਨੂੰ ਵਧਾ ਦਿੱਤਾ ਅਤੇ ਉਸਨੂੰ ਇਸ ਕੰਮ ਤੋਂ ਘੱਟੋ ਘੱਟ 1 ਲੱਖ ਰੁਪਏ ਮਹੀਨੇ ਦੀ ਕਮਾਈ ਹੋ ਰਹੀ ਹੈ।
ਇਸ ਸਬੰਧੀ ਜਗਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਹੈਚਰੀ ਫ਼ਾਰਮ ਲਗਾਇਆ ਹੈ। ਇਸ ਫ਼ਾਰਮ ਰਾਹੀਂ ਉਹ ਅੰਡਿਆਂ ਤੋਂ ਚੂਚਿਆਂ ਦੀ ਪ੍ਰੋਡਕਸ਼ਨ ਕਰਦੇ ਹਨ। ਉਹਨਾਂ ਦੇ ਵੱਖ ਵੱਖ ਫ਼ਾਰਮਰਾਂ ਨਾਲ ਕੰਟਰੈਕਟ ਤੌਰ ’ਤੇ ਅੰਡੇ ਖ਼ਰੀਦੇ ਜਾਂਦੇ ਹਨ ਅਤੇ ਅੰਡਿਆਂ ਤੋਂ ਨਿਕਲੇ ਚੂਚੇ ਅੱਗੇ ਵੇਚੇ ਜਾਂਦੇ ਹਨ। ਪ੍ਰਤੀ ਚੂਚਾ 22 ਰੁਪਏ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ। ਉਹਨਾਂ ਦੇ ਇਹ ਚੂਚੇ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਸ੍ਰੀਨਗਰ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਡੀਲਰਾਂ ਨੂੰ ਸਿੱਧੇ ਸਪਲਾਈ ਹੁੰਦੇ ਹਨ। ਇੱਕ ਮਹੀਨੇ ਵਿੱਚ 50 ਹਜ਼ਾਰ ਤੋਂ ਵੱਧ ਚੂਚਿਆਂ ਦੀ ਪ੍ਰੋਡਕਸ਼ਨ ਹੁੰਦੀ ਹੈ। ਇਸ ਤਰ੍ਹਾਂ ਉਹਨਾਂ ਨੂੰ ਘੱਟੋ ਘੱਟ ਇੱਕ ਲੱਖ ਰੁਪਏ ਅਮਦਨ ਹੁੰਦੀ ਹੈ। ਉਹਨਾਂ ਦੱਸਿਆ ਕਿ ਸਰਕਾਰੀ ਤੌਰ ’ਤੇ ਉਹਨਾਂ ਨੂੰ ਕੋਈ ਮੱਦਦ ਨਹੀਂ ਮਿਲੀ। ਸਾਰਾ ਕੰਮ ਉਹਨਾਂ ਨੇ ਆਪਣੇ ਪੱਧਰ ’ਤੇ ਹੀ ਸ਼ੁਰੂ ਕੀਤਾ ਹੈ। ਉਹਨਾਂ ਦੱਸਿਆ ਕਿ ਪਹਿਲਾਂ ਉਸਦਾ ਖ਼ੁਦ ਵਿਦੇਸ਼ ਜਾਣ ਦਾ ਵਿਚਾਰ ਸੀ, ਪ੍ਰੰਤੂ ਬਾਅਦ ਵਿੱਚ ਉਸਨੇ ਆਪਣੇ ਪਿਤਾ ਪੁਰਖ਼ੀ ਕੰਮ ਨੂੰ ਅੱਗੇ ਵਧਾਉਣ ਲਈ ਸੋਚਿਆ ਅਤੇ ਹੈਚਰੀ ਫ਼ਾਰਮ ਖੋਲ ਲਿਆ ਅਤੇ ਕਾਮਯਾਬੀ ਮਿਲੀ। ਉਹਨਾਂ ਕਿਹਾ ਕਿ ਲੱਖਾਂ ਰੁਪਏ ਲਗਾ ਕੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਇੱਥੇ ਹੀ ਮਿਹਨਤ ਕਰਨੀ ਚਾਹੀਦੀ ਹੈ ਅਤੇ ਸਰਕਾਰਾਂ ਨੂੰ ਵੀ ਮੱਦਦ ਕਰਨ ਦੀ ਲੋੜ ਹੈ।