ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਕਾਰਨ ਅਤੇ ਪਹਿਲਾ ਹੀ ਕਰਜੇ ਦੇ ਬੋਝ ਥੱਲੇ ਦੱਬਿਆ ਕਿਸਾਨ ਵੱਡੇ ਸੰਕਟ ਵਿੱਚ ਫਸ ਗਿਆ ਹੈ। ਜਿਸ ਕਾਰਨ ਬੀਤੇ ਇੱਕ ਹਫਤੇ ਦੇ ਸਮੇਂ ਵਿੱਚ ਮਾਨਸਾ ਦੇ ਚਾਰ ਕਿਸਾਨਾਂ ਨੇ ਖੁਦਕੁਸ਼ੀਆਂ ਕਰਕੇ ਮੌਤ ਨੂੰ ਗਲੇ ਲਗਾਇਆ ਹੈ। ਬੀਤੇ ਹਫਤੇ ਦੌਰਾਨ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ 27 ਸਾਲਾ ਨੌਜਵਾਨ ਕਿਸਾਨ ਰਜਿੰਦਰ ਸਿੰਘ, ਪਿੰਡ ਜਲਵੇੜਾ ਦੇ 65 ਸਾਲਾ ਕਿਸਾਨ ਬੀਰਦਵਿੰਦਰ ਸਿੰਘ, ਪਿੰਡ ਬਨਾਵਾਲੀ ਦਾ 54 ਸਾਲਾ ਕਿਸਾਨ ਸੁਖਮੰਦਰ ਸਿੰਘ, ਅਤੇ ਪਿੰਡ ਦਾਨੇਵਾਲਾ ਦਾ 26 ਸਾਲਾ ਨੌਜਵਾਨ ਕਿਸਾਨ ਰਸ਼ਪਿੰਦਰ ਸਿੰਘ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਅਜਿਹੀ ਸਥਿਤੀ ਵਿੱਚ ਕਿਸਾਨ ਜਥੇਬੰਦੀਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੁਦਕੁਸ਼ੀਆਂ ਦਾ ਰਾਹ ਛੱਡਕੇ ਸੰਘਰਸ਼ ਦਾ ਰਾਹ ਅਪਨਾਉਣ।
ਨਰਮਾ ਪੱਟੀ ਵਿੱਚ ਪੈਂਦੇ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਇਸ ਵਾਰ ਨਰਮੇ ਦੀ ਬੰਪਰ ਫਸਲ ਦੀ ਉਮੀਦ ਸੀ, ਪਰ ਗੁਲਾਬੀ ਸੁੰਡੀ ਦੇ ਹਮਲੇ ਨੇ ਫਸਲ ਨੂੰ ਬਰਬਾਦ ਕਰ ਦਿੱਤਾ। ਜਿਸ ਕਾਰਨ ਕਿਸਾਨ ਖੁਦਕੁਸ਼ੀਆਂ ਦੇ ਰਾਹ ‘ਤੇ ਚਲ ਪਏ ਹਨ ਅਤੇ ਪਿਛਲੇ ਇੱਕ ਹਫ਼ਤੇ ਵਿੱਚ ਮਾਨਸਾ ਜ਼ਿਲ੍ਹੇ ਦੇ ਚਾਰ ਕਿਸਾਨਾਂ ਪਿੰਡ ਖਿਆਲਾ ਕਲਾਂ ਦੇ 27 ਸਾਲਾ ਨੌਜਵਾਨ ਕਿਸਾਨ ਰਜਿੰਦਰ ਸਿੰਘ, ਪਿੰਡ ਜਲਵੇੜਾ ਦੇ 65 ਸਾਲਾ ਕਿਸਾਨ ਬੀਰਦਵਿੰਦਰ ਸਿੰਘ, ਪਿੰਡ ਬਨਾਵਾਲੀ ਦਾ 54 ਸਾਲਾ ਕਿਸਾਨ ਸੁਖਮੰਦਰ ਸਿੰਘ, ਅਤੇ ਪਿੰਡ ਦਾਨੇਵਾਲਾ ਦਾ 26 ਸਾਲਾ ਨੌਜਵਾਨ ਕਿਸਾਨ ਰਸ਼ਪਿੰਦਰ ਸਿੰਘ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਪਿੰਡ ਬਨਵਾਲੀ ਦੇ ਮੇਜਰ ਸਿੰਘ ਅਤੇ ਪਿੰਡ ਖਿਆਲਾ ਕਲਾਂ ਦੇ ਬਲਦੇਵ ਸਿੰਘ ਨੇ ਦੱਸਿਆ ਕਿ ਇਹਨਾ ਕਿਸਾਨਾ ਨੇ ਠੇਕੇ ‘ਤੇ ਜ਼ਮੀਨ ਲੈ ਕੇ ਨਰਮਾ ਦੀ ਕਾਸ਼ਤ ਕੀਤੀ ਸੀ ਪਰ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫਸਲ ਤਬਾਹ ਹੋਣ ਕਾਰਨ ਕਿਸਾਨਾਂ ਨੇ ਪ੍ਰੇਸ਼ਾਨੀ ਕਾਰਨ ਖੁਦਕੁਸ਼ੀਆ ਕੀਤੀਆਂ ਹਨ।
ਕਿਸਾਨ ਜਥੇਬੰਦੀਆਂ ਵੀ ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦੇ ਰੁਝਾਨ ਤੋਂ ਚਿੰਤਤ ਹਨ ਅਤੇ ਕਿਸਾਨਾਂ ਨੂੰ ਆਤਮ ਹੱਤਿਆ ਨਾ ਕਰਨ ਦੀ ਅਪੀਲ ਕਰ ਰਹੀਆਂ ਹਨ। ਕਿਸਾਨ ਆਗੂ ਮਹਿੰਦਰ ਸਿੰਘ ਭੈਣੀਬਾਘਾ ਅਤੇ ਬਲਦੇਵ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਘਟੀਆ ਬੀਜ ਅਤੇ ਘਟੀਆ ਕੀਟਨਾਸ਼ਕ ਆਏ ਹਨ, ਜਦੋਂ ਕਿ ਕਿਸਾਨਾਂ ਨੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਨਰਮੇ ਦੀ ਫਸਲ ਤਿਆਰ ਕੀਤੀ ਸੀ, ਪਰ ਜਦੋਂ ਫਸਲ ਪੱਕਣ ਦੀ ਕਗਾਰ ‘ਤੇ ਸੀ ਤਾਂ ਗੁਲਾਬੀ ਸੁੰਡੀ ਨੇ ਫਸਲ ਨੂੰ ਤਬਾਹ ਕਰ ਦਿੱਤਾ, ਜਿਸ ਕਾਰਨ ਪਰੇਸ਼ਾਨ ਕਿਸਾਨ ਖੁਦਕੁਸ਼ੀਆ ਕਰ ਗਏ ਹਨ ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਇੱਕ ਹਫ਼ਤੇ ਵਿੱਚ 4 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਪਰ ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਖੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦਕੁਸ਼ੀਆਂ ਨਾ ਕਰਨ ਅਤੇ ਸੰਘਰਸ਼ ਦਾ ਰਾਹ ਅਪਨਾਉਣ।