ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਪਹੂਵਿੰਡ ਵਿਖੇ ਨਸ਼ੇ ਦੀ ਭੇਂਟ ਚੜ੍ਹਿਆ ਤੇਈ ਸਾਲਾ ਨੌਜਵਾਨ ਰਾਜਵਿੰਦਰ ਸਿੰਘ ਪੁੱਤਰ ਕਾਰਜ ਸਿੰਘ ਉਮਰ 23 ਸਾਲ ਪੁੱਤ ਦੀ ਲਾਸ਼ ਤੇ ਵੈਣ ਪਾਉਂਦੀ ਮਾਂ ਨੇ ਰੋ-ਰੋ ਕੇ ਦੱਸਿਆ ਕਿ ਪਿੰਡ ਪਹੂਵਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਲੋਕ ਸ਼ਰ੍ਹੇਆਮ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ। ਪਰ ਇੱਥੋਂ ਦਾ ਪੁਲੀਸ ਪ੍ਰਸ਼ਾਸਨ ਉਨ੍ਹਾਂ ਨੂੰ ਫੜਨ ਦੀ ਬਜਾਏ ਉਨ੍ਹਾਂ ਦੀ ਪਿੱਠ ਥਾਪੜ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੇ ਦੀ ਮਾਂ ਪ੍ਰਕਾਸ਼ ਕੌਰ ਨੇ ਦੱਸਿਆ ਕਿ ਉਸਦਾ ਲੜਕਾ ਸਵੇਰੇ ਉਸ ਕੋਲ ਆਇਆ ਅਤੇ ਉਸ ਨੂੰ ਕਹਿਣ ਲੱਗਾ ਕਿ ਮੈਂ ਕਿਸੇ ਕੰਮ ਲਈ ਬਾਹਰ ਚੱਲਿਆ ਹਾਂ ਅਤੇ ਉਹ ਛੇਤੀ ਹੀ ਘਰ ਵਾਪਸ ਆ ਗਿਆ ਅਤੇ ਗੁਸਲਖਾਨੇ ਵਿੱਚ ਜਾ ਕੇ ਉਸ ਨੇ ਨਸ਼ੇ ਵਾਲਾ ਟੀਕਾ ਲਾ ਲਿਆ ਜਿਸ ਕਾਰਨ ਉਸ ਦੀ ਬਾਥਰੂਮ ਦੇ ਵਿੱਚ ਹੀ ਮੌਤ ਹੋ ਗਈ ਹੈ। ਪੀੜਤ ਮਾਂ ਨੇ ਰੋ-ਰੋ ਕੇ ਕਿਹਾ ਕਿ ਜਦੋਂ ਤਕ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਉਹ ਆਵਦੇ ਪੁੱਤ ਦਾ ਸਸਕਾਰ ਨਹੀਂ ਕਰੇਗੀ। ਉਧਰ ਮੌਕੇ ‘ਤੇ ਪਹੁੰਚੇ ਥਾਣਾ ਭਿੱਖੀਵਿੰਡ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।