4year old missing child: ਬਰਨਾਲਾ : ਸਹਾਰਾ ਸੇਵਾ ਸੁਸਾਇਟੀ ਨੇ 4 ਸਾਲ ਪਹਿਲਾਂ ਗੁੰਮ ਹੋਏ ਇੱਕ ਬੱਚੇ ਨੂੰ ਉਸ ਦੇ ਘਰ ਪਹੁੰਚਾਇਆ ਹੈ। ਜ਼ਿਕਰਯੋਗ ਹੈ ਕਿ ਜਿਲ੍ਹੇ ਦੇ ਪਿੰਡ ਨਾਰਾਇਣਗੜ੍ਹ ਸੋਹੀਆ ਦਾ ਬੱਚਾ 4 ਸਾਲ ਪਹਿਲਾਂ ਗੁੰਮ ਹੋ ਗਿਆ ਸੀ। ਘਰ ਪਰਤੇ ਬੱਚੇ ਬਲਵਿੰਦਰ ਸਿੰਘ ਦੇ ਤਾਇਆ ਬਖਤੌਰ ਸਿੰਘ ਨੇ ਦੱਸਿਆ ਕਿ 4 ਸਾਲ ਪਹਿਲਾਂ ਉਨ੍ਹਾਂ ਦੇ ਪਿੰਡ ਦੇ ਕਈ ਲੋਕ ਸ੍ਰੀ ਅੰਮ੍ਰਿਤਸਰ ਸਾਹਿਬ ਮੱਥਾ ਟੇਕਣ ਗਏ ਸਨ। ਉਥੋਂ ਇਹ ਬੱਚਾ ਉਨ੍ਹਾਂ ਤੋਂ ਵਿਛੜ ਗਿਆ। ਉਨ੍ਹਾਂ ਦੱਸਿਆ ਕਿ ਉਦੋਂ ਉਸ ਦੀ ਉਮਰ ਲਗਭਗ 11 ਸਾਲ ਸੀ। ਬੱਚਿਆਂ ਨੇ ਦੱਸਿਆ ਕਿ ਉਸ ਨੂੰ ਬੰਦੀ ਬਣਾ ਲਿਆ ਗਿਆ ਸੀ ਤੇ ਜਿਹੜੇ ਵਿਅਕਤੀਆਂ ਨੇ ਉਸ ਨੂੰ ਬੰਦੀ ਬਣਾਇਆ ਸੀ, ਉਹ ਉਸ ਕੋਲੋਂ ਮੱਝਾਂ ਦਾ ਗੋਬਰ ਚੁਕਵਾਉਂਦੇ ਸਨ ਅਤੇ ਮਾਰਕੁੱਟ ਵੀ ਕਰਦੇ ਸਨ। ਇਹ ਬੱਚਾ ਕੁਝ ਸਮਾਂ ਪਹਿਲਾਂ ਉਥੋਂ ਸਹਾਰਾ ਸੇਵਾ ਸੁਸਾਇਟੀ ਅੰਮ੍ਰਿਤਸਰ ਦੇ ਮਨਦੀਪ ਸਿੰਘ ਤੇ ਬਗੀਚਾ ਸਿੰਘ ਦੇ ਸੰਪਰਕ ‘ਚ ਆਇਆ।
ਉਨ੍ਹਾਂ ਨੇ ਡੇਢ ਮਹੀਨੇ ਆਪਣੇ ਕੋਲ ਰੱਖਿਆ ਤੇ ਪੁੱਛਗਿਛ ‘ਚ ਬੱਚੇ ਨੇ ਦੱਸਿਆ ਕਿ ਉਸ ਦਾ ਘਰ ਬਰਨਾਲਾ ਕੋਲ ਹੈ ਤੇ ਬਰਨਾਲਾ ਕੋਲ ਮੋਗਾ ਤੇ ਰਾਏਕੋਟ ਹੈ। ਆਸ-ਪਾਸ ਦੇ ਸ਼ਹਿਰਾਂ ਦੇ ਨਾਂ ਦੱਸੇ ਤਾਂ ਫਿਰ ਉਹ ਭਾਲ ਕਰਦੇ ਹੋਏ ਉਥੇ ਪੁੱਜੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੱਚੇ ਨੂੰ ਬਹੁਤ ਲੱਭਿਆ ਤੇ ਕਈ ਥਾਵਾਂ ‘ਤੇ ਪਰਚੇ ਵੀ ਵੰਡੇ। ਪਿੰਡ ਵਾਸੀਆਂ ਨਾਲ ਮਿਲ ਕੇ ਰੁਪਏ ਇਕੱਠੇ ਕਰਕੇ ਬੱਚੇ ਦਾ ਪਤਾ ਦੱਸਣ ਵਾਲੇ ਨੂੰ 1 ਲੱਖ ਦਾ ਇਨਾਮ ਵੀ ਰੱਖਿਆ ਸੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ ਪਰ ਉਨ੍ਹਾਂ ਨੂੰ ਉਮੀਦ ਸੀ ਕੀ ਬੱਚਾ ਜ਼ਰੂਰ ਵਾਪਸ ਆਏਗਾ। ਉਨ੍ਹਾਂ ਦੱਸਿਆ ਕਿ ਪੂਰੇ ਪਿੰਡ ਵੱਲੋਂ ਇੱਕ ਸਹਾਰਾ ਸੇਵਾ ਸੁਸਾਇਟੀ ਦੇ ਮਨਦੀਪ ਸਿੰਘ ਤੇ ਬਗੀਚਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ।