corona death machiwara ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਜ਼ਿਲੇ ਦੇ ਮਾਛੀਵਾੜਾ ਇਲਾਕੇ ‘ਚ ਕੋਰੋਨਾ ਮਹਾਂਮਾਰੀ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ।ਦੱਸਣਯੋਗ ਹੈ ਕਿ ਮਾਛੀਵਾੜਾ ਵਿਖੇ ਕੋਰੋਨਾ ਕਾਰਨ ਇੱਕ ਔਰਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਦੱਸ ਦੇਈਏ ਕਿ ਮਾਛੀਵਾੜਾ ਇਲਾਕੇ ‘ਚ ਕੋਰੋਨਾ ਕਾਰਨ ਇਹ ਪਹਿਲੀ ਮੌਤ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਔਰਤ ਨੂੰ ਕੁਝ ਦਿਨ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਚੰਡੀਗੜ੍ਹ ਵਿਖੇ ਕਿਸੇ ਬੀਮਾਰੀ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਸੀ, ਜਿੱਥੇ ਉਸਦੀ ਹਾਲਤ ਵਿਗੜਦੀ ਜਾ ਰਹੀ ਸੀ। ਡਾਕਟਰਾਂ ਵੱਲੋਂ ਉਸਦੀ ਕੋਰੋਨਾ ਜਾਂਚ ਕੀਤੀ ਗਈ, ਜੋ ਪਾਜ਼ੇਟਿਵ ਆਈ ਅਤੇ ਅੱਜ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਔਰਤਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਸ਼ਾਇਦ ਅੰਤਿਮ ਸੰਸਕਾਰ ਵੀ ਸਿਹਤ ਮਹਿਕਮੇ ਦੀ ਟੀਮ ਵੱਲੋਂ ਚੰਡੀਗੜ੍ਹ ‘ਚ ਹੀ ਕੀਤਾ ਜਾਵੇ। ਦੂਜੇ ਪਾਸੇ ਮਾਛੀਵਾੜਾ ਦੇ ਸਿਵਲ ਹਸਪਤਾਲ ਦੇ ਐਸ. ਐਮ. ਓ. ਡਾ. ਜਸਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਹੋਈ ਔਰਤ ਦੀ ਮੌਤ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਬਹੁਤ ਦਿਨਾਂ ਤੋਂ ਗੰਭੀਰ ਰੂਪ ‘ਚ ਬਿਮਾਰ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ।