DC guidlines Independence Day: ਜਿੱਥੇ ਖਤਰਨਾਕ ਕੋਰੋਨਾਵਾਇਰਸ ਦੇ ਸੰਕਟ ਨੇ ਤਿਉਹਾਰਾਂ ਦੇ ਰੰਗ ਫਿੱਕੇ ਪਾ ਦਿੱਤੇ , ਉੱਥੇ ਹੁਣ ਮਹਾਮਾਰੀ ਦਾ ਅਸਰ 15 ਅਗਸਤ ਨੂੰ ਮਨਾਏ ਜਾਣ ਵਾਲੇ ਆਜ਼ਾਦੀ ਦਿਹਾੜੇ ‘ਤੇ ਵੀ ਪੈਦਾ ਨਜ਼ਰ ਆ ਰਿਹਾ ਹੈ। ਦਰਅਸਲ ਅੱਜ ਭਾਵ ਵੀਰਵਾਰ ਨੂੰ ਸਵੇਰਸਾਰ ਗੁਰੂ ਨਾਨਕ ਸਟੇਡੀਅਮ ‘ਚ ਕਰਵਾਈ ਗਈ ਰਿਹਾਸਲ ਸਿਰਫ 15 ਮਿੰਟਾਂ ‘ਚ ਹੀ ਨਿਪਟਾ ਦਿੱਤੀ ਗਈ। ਇਸ ਦੌਰਾਨ ਫੁੱਲ ਡਰੈੱਸ ਰਿਹਾਸਲ ਕੀਤੀ ਗਈ ਅਤੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪਰੇਡ ਦੀ ਸਲਾਮੀ ਲਈ ਅਤੇ ਪੂਰੀ ਪਰੇਡ 15 ਮਿੰਟਾਂ’ਚ ਹੀ ਨਿਪਟਾ ਦਿੱਤੀ ਗਈ।
ਇਸ ਸਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਸੜਕ ‘ਤੇ ਡੀ.ਜੇ ਜਾਂ ਆਰਕੈਸਟਾਂ ਲਾ ਕੇ ਸੁਤੰਤਰਤਾ ਦਿਵਸ ਸਮਾਰੋਹ ਮਨਾਉਣ ਦੀ ਆਗਿਆ ਨਹੀਂ ਹੋਵੇਗੀ। ਜੇਕਰ ਕੋਈ ਇੰਝ ਕਰਦਾ ਹੈ ਤਾਂ ਉਸ ਦੇ ਖਿਲਾਫ ਕੋਰੋਨਾ ਵਾਇਰਸ ਲਈ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਡੀ.ਸੀ. ਨੇ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਸੁੰਤਤਰਤਾ ਦਿਵਸ ਸਮਾਰੋਹ ਆਯੋਜਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਜ਼ਿਲ੍ਹੇ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਇਸ ਲਈ ਲੋਕਾਂ ਨੂੰ ਸਮਝਦਾਰੀ ਦਿਖਾਉਂਦੇ ਹੋਏ ਆਪਣੇ-ਆਪਣੇ ਘਰਾਂ ‘ਚ ਰਹਿੰਦੇ ਹੋਏ ਸੁਤੰਤਰਤਾ ਦਿਵਸ ਮਨਾਉਣਾ ਚਾਹੀਦਾ ਹੈ ਅਤੇ ਭੀੜ ਵਾਲੀ ਥਾਂ ‘ਤੇ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਜੇਕਰ ਘਰ ਤੋਂ ਬਾਹਰ ਜਾ ਰਹੇ ਹੋ ਤਾਂ ਮਾਸਕ ਦੀ ਵਰਤੋਂ ਜਰੂਰ ਕਰੋ।
ਇਸ ਦੌਰਾਨ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਏ.ਡੀ.ਸੀ ਅਮਰਜੀਤ ਸਿੰਘ ਬੈਂਸ, ਐੱਸ.ਡੀ.ਐੱਮ ਪੱਛਮੀ ਅਮਰਿੰਦਰ ਸਿੰਘ ਮੱਲੀ ਸਮੇਤ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਪਹੁੰਚੇ।ਦੱਸਣਯੋਗ ਹੈ ਕਿ ਲੁਧਿਆਣਾ ‘ਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 5767 ਤੱਕ ਪਹੁੰਚ ਚੁੱਕੀ ਹੈ ਜਦਕਿ 194 ਲੋਕਾਂ ਦੀ ਮੌਤ ਹੋ ਚੁੱਕੀ ਹੈ।